ਪਿਛਲੇ ਕੁੱਝ ਸਮੇਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਲੈ ਕੇ ਅਨੇਕਾਂ ਪ੍ਰਕਾਰ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ, ਪਹਿਲਾਂ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਵਿੱਚੋਂ ਗਾਇਬ ਦੱਸੇ ਜਾ ਰਹੇ 267 ਸਰੂਪਾਂ ਦਾ ਮਾਮਲਾ, ਫਿਰ ਇਨ੍ਹਾਂ ਸਰੂਪਾਂ ਦੀ ਗਿਣਤੀ 267 ਤੋਂ ਕੇ 328 ਹੋਣਾ, ਪਟਿਆਲਾ ਦੇ ਪਿੰਡ ਕਲਿਆਣ ਤੋਂ ਗੁਰੂ ਸਾਹਿਬ ਦੇ ਪਾਵਨ ਦੁਰਲੱਭ ਸਰੂਪ ਗਾਇਬ ਹੋਣਾ, ਅਤੇ ਫਿਰ ਕੈਨੇਡਾ ਭੇਜੇ ਗਏ ਕਰੀਬ 400 ਤੋਂ ਵੱਧ ਸਰੂਪਾਂ ਦੀ ਬੇਅਦਬੀ ਹੋਣਾ, ਇਨ੍ਹਾਂ ਸਾਰੇ ਮਾਮਲਿਆਂ ਲਈ ਸਿੱਧੇ ਤੌਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ।
ਅਨੇਕਾਂ ਸਿੱਖ ਜੱਥੇਬੰਦੀਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਵਿਰੋਧ ਕਰ ਰਹੀਆਂ ਹਨ ਅਤੇ ਹੁਣ ਸਿੱਖ ਆਗੂ ਭਾਈ ਅਮਰੀਕ ਸਿੰਘ ਅਜਨਾਲਾ ਨੇ ਇਸ ਮਾਮਲੇ ਵਿੱਚ ਅੰਮ੍ਰਿਤਸਰ ਦੇ ਡੀ.ਸੀ. ਕੋਲ ਪਹੁੰਚ ਕੀਤੀ ਹੈ, ਭਾਈ ਅਜਨਾਲਾ ਨੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪਿਆ ਹੈ, ਜਿਸ ਵਿਚ ਉਨ੍ਹਾਂ ਮੰਗ ਕੀਤੀ ਹੈ ਕਿ ਗਾਇਬ ਹੋਏ ਤਮਾਮ ਸਰੂਪਾਂ ਦੀ ਜਾਂਚ ਕਨੂੰਨੀ ਢੰਗ ਨਾਲ ਕਰਵਾਈ ਜਾਵੇ ਅਤੇ ਦੋਸ਼ੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ।
ਉਨ੍ਹਾਂ ਨਾਲ ਹੀ ਇੱਕ ਹੋਰ ਵੱਡੀ ਮੰਗ ਕੀਤੀ ਹੈ, ਜਿਸ ਵਿੱਚ ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾਂਦੀ ਨਵੇਂ ਸਰੂਪਾਂ ਦੀ ਛਪਾਈ ਸਣੇ ਹਰ ਮਹੀਨੇ ਗੁਰੂ ਸਾਹਿਬ ਦੇ ਸਰੂਪਾਂ ਨੂੰ ਅਗਨ ਭੇਂਟ ਕੀਤੇ ਜਾਣ ਦੀ ਪ੍ਰੀਕਿਰਿਆ ਰੋਕਣ ਦੀ ਮੰਗ ਕੀਤੀ ਹੈ। ਭਾਈ ਅਜਨਾਲਾ ਨੇ ਕਿਹਾ ਕਿ ਉਹ ਕਿਸੇ ਵੀ ਮਾਮਲੇ ਨੂੰ ਨਹੀਂ ਛੱਡਣਗੇ ਅਤੇ ਹਰ ਇੱਕ ਦੋਸ਼ੀ ਨੂੰ ਸਜ਼ਾ ਦਵਾ ਕੇ ਹੀ ਰਹਿਣਗੇ।
ਇਸ ਮੌਕੇ ਭਾਈ ਅਮਰੀਕ ਸਿੰਘ ਅਜਨਾਲਾ ਕੋਲੋਂ ਮੰਗ ਪੱਤਰ ਲੈਣ ਪਹੁੰਚੇ ਅਧਿਕਾਰੀਆਂ ਨੇ ਕਿਹਾ ਕਿ ਅੰਮ੍ਰਿਤਸਰ ਡੀਸੀ ਦੇ ਕਿਧਰੇ ਰੁਝੇਵਿਆਂ ਕਾਰਨ ਉਹ ਖੁਦ ਮੰਗ ਪੱਤਰ ਲੈਣ ਨਹੀਂ ਆ ਸਕੇ, ਉਨ੍ਹਾਂ ਵਿਸ਼ਵਾਸ਼ ਦਵਾਇਆ ਕਿ ਮੰਗ ਪੱਤਰ ਵਿੱਚ ਮੰਗੀਆਂ ਗਈਆਂ ਮੰਗਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਜਲਦ ਤੋਂ ਜਲਦ ਕੀਤੀ ਜਾਵੇਗੀ। ਪਿਛਲੇ ਕੁੱਝ ਸਮੇਂ ਵਿੱਚ ਵਾਪਰੇ ਇਹ ਮਾਮਲੇ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲਈ ਜੀਅ ਦਾ ਜੰਜਾਲ ਬਣ ਗਏ ਹਨ।
ਇੱਥੋਂ ਤੱਕ ਕਿ ਉਨ੍ਹਾਂ ਦੇ ਅਸਤੀਫੇ ਦੀ ਮੰਗ ਵੀ ਹੋਣ ਲੱਗੀ ਹੈ। ਇਸ ਦੇ ਨਾਲ ਕਈ ਸਿੱਖ ਜਥੇਬੰਦੀਆਂ ਨੇ ਪਾਵਨ ਸਰੂਪ ਖੁਰਦ ਬੁਰਦ ਹੋਣ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰਨ ਤੱਕ ਦੀ ਮੰਗ ਵੀ ਕੀਤੀ ਹੈ। ਫਿਲਹਾਲ ਇਸ ਸਮੇਂ ਪਾਵਨ ਸਰੂਪਾਂ ਸਬੰਧੀ ਮਾਮਲਿਆਂ ਵਿੱਚ ਨਵੇਂ ਨਵੇਂ ਮੋੜ ਆ ਰਹੇ ਹਨ। ਪਰ ਹਾਲੇ ਤੱਕ ਕਿਸੇ ਵੀ ਮਾਮਲੇ ਵਿੱਚ ਸਿੱਖ ਸੰਗਤਾਂ ਨੂੰ ਇਨਸਾਫ ਮਿਲਦਾ ਨਜ਼ਰ ਨਹੀਂ ਆ ਰਿਹਾ।
