ਨਹੀਂ ਹੋਵੇਗੀ ਨਵਜੋਤ ਸਿੰਘ ਸਿੱਧੂ ਦੀ ਰਿਹਾਈ, ਪਤਨੀ ਨਵਜੋਤ ਕੌਰ ਨੇ ਦਿੱਤੀ ਜਾਣਕਾਰੀ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਕੇਂਦਰੀ ਜੇਲ੍ਹ ਪਟਿਆਲਾ ਤੋਂ ਰਿਹਾਈ ਦਾ ਮਾਮਲਾ ਫਾਈਲਾਂ ਵਿੱਚ ਹੀ ਫਸ ਕੇ ਰਹਿ ਗਿਆ ਹੈ। 26 ਜਨਵਰੀ ਦੀ ਸ਼ਾਮ ਨੂੰ ਸਿੱਧੂ ਨੂੰ ਰਿਹਾਅ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਉਹ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋ ਸਕਣਗੇ।
ਜਾਣਕਾਰੀ ਮੁਤਾਬਕ ਮੁੱਖ ਸਕੱਤਰ ਦਫ਼ਤਰ ਤੋਂ ਜੇਲ੍ਹ ਵਿਭਾਗ ਵੱਲੋਂ ਰਿਹਾਅ ਕੀਤੇ ਜਾਣ ਵਾਲੇ ਕੈਦੀਆਂ ਦੀ ਫਾਈਲ ਭੇਜਣ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਹਰੇਕ ਕੈਦੀ ਦੀ ਵੱਖਰੀ ਫਾਈਲ ਮੰਤਰੀ ਮੰਡਲ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਭੇਜਣ ਲਈ ਕਿਹਾ ਸੀ। ਰਾਜਪਾਲ ਇਹ ਜਾਣਨਾ ਚਾਹੁੰਦਾ ਸੀ ਕਿ ਕਿਸ ਕੈਦੀ ਨੂੰ ਕਿਹੜੇ ਜ਼ੁਰਮ ਲਈ ਸਜ਼ਾ ਦਿੱਤੀ ਗਈ ਸੀ ਅਤੇ ਜੇਲ੍ਹ ਵਿੱਚ ਉਸ ਦਾ ਵਿਵਹਾਰ ਕਿਵੇਂ ਰਿਹਾ ਸੀ।
ਪੰਜਾਬ ਸਰਕਾਰ ਦੇ ਇੱਕ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਰੇਕ ਕੈਦੀ ਦੀਆਂ ਵੱਖਰੀਆਂ ਫਾਈਲਾਂ ਨਹੀਂ ਭੇਜੀਆਂ ਗਈਆਂ ਹਨ। ਸੂਤਰਾਂ ਮੁਤਾਬਕ ਪਿਛਲੀ ਕੈਬਨਿਟ ਮੀਟਿੰਗ ਵਿੱਚ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਗੈਰ ਰਸਮੀ ਚਰਚਾ ਹੋਈ ਸੀ।
ਫਿਰ ਇਹ ਮੰਨ ਲਿਆ ਗਿਆ ਕਿ ਸਿੱਧੂ ਦੀ ਰਿਹਾਈ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਬੰਦੀ ਸਿੰਘਾਂ ਦਾ ਮੁੱਦਾ ਚੁੱਕ ਕੇ ਇਹ ਮੁੱਦਾ ਚੁੱਕ ਲੈਣਗੇ ਕਿ ਸਿੱਧੂ ਨੂੰ ਰਿਹਾਅ ਕੀਤਾ ਗਿਆ ਪਰ ਬੰਦੀ ਸਿੰਘਾਂ ਨੂੰ ਨਹੀਂ। ਇਸੇ ਲਈ ਸਰਕਾਰ ਨੇ ਨਵਜੋਤ ਸਿੱਧੂ ਦੀ ਰਿਹਾਈ ਲਈ ਜ਼ੋਰ ਨਹੀਂ ਪਾਇਆ। ਦੱਸ ਦਈਏ ਕਿ ਨਵਜੋਤ ਸਿੱਧੂ ਰਿਹਾਈ ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਰਹੇ।