SGPC ਨੇ ‘ਮਾਤਾ ਸਾਹਿਬ ਕੌਰ ਦਿ ਮਦਰਹੁੱਡ’ ਫ਼ਿਲਮ ਨੂੰ ਨਹੀਂ ਦਿੱਤੀ ਪ੍ਰਵਾਨਗੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਤਾ ਸਾਹਿਬ ਕੌਰ ਦੀ ਮਦਰਹੁੱਡ ਫਿਲਮ ਨੂੰ ਮਨਜ਼ੂਰੀ ਨਹੀਂ ਦਿੱਤੀ। ਇਸ ਦੇ ਬਾਵਜੂਦ ਫਿਲਮ ਨਿਰਮਾਤਾਵਾਂ ਨੇ 14 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਰਿਲੀਜ਼ ਕਰਨ ਦਾ ਐਲਾਨ ਕਰ ਦਿੱਤਾ। ਸ਼੍ਰੋਮਣੀ ਕਮੇਟੀ ਨੇ ਚਿਤਾਵਨੀ ਦਿੱਤੀ ਕਿ ਜੇ ਫਿਲਮ ਰਿਲੀਜ਼ ਹੋਈ ਤਾਂ ਕਾਰਵਾਈ ਕੀਤੀ ਜਾਵੇਗੀ। ਐਸਜੀਪੀਸੀ ਦਾ ਇਲਜ਼ਾਮ ਹੈ ਕਿ ਫਿਲਮ ਵਿੱਚ ਕਈ ਗਲਤੀਆਂ ਹਨ। ਇੰਨਾ ਹੀ ਨਹੀਂ ਫਿਲਮ ਵਿੱਚ ਇਤਿਹਾਸ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।

ਫਿਲਮ ਦਾ ਪ੍ਰਿੰਟ 2018 ਤੋਂ 2022 ਤੱਕ ਤਿੰਨ ਵਾਰ ਸ਼੍ਰੋਮਣੀ ਕਮੇਟੀ ਨੂੰ ਭੇਜਿਆ ਗਿਆ ਸੀ ਪਰ ਜਾਂਚ ਲਈ ਬਣਾਈ ਗਈ ਸਬ-ਕਮੇਟੀ ਨੇ ਇਸ ਦੀਆਂ ਕਮੀਆਂ ਕਾਰਨ ਇਸ ਨੂੰ NOC ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਐਸਜੀਪੀਸੀ ਨੇ ਕਿਹਾ ਕਿ ਫਿਲਮ ਪਹਿਲਾਂ ਤਾਂ ਐਨੀਮੇਟਿਡ ਹੈ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪਹਿਲਾਂ ਹੀ ਹੁਕਮ ਦਿੱਤਾ ਹੋਇਆ ਹੈ ਕਿ ਗੁਰੂਆਂ ਦੇ ਜੀਵਨ ਤੇ ਹੁਣ ਕੋਈ ਐਨੀਮੇਟਡ ਫਿਲਮ ਨਹੀਂ ਬਣਾ ਸਕਦਾ ਪਰ ਫਿਰ ਵੀ ਸ਼੍ਰੋਮਣੀ ਕਮੇਟੀ ਨੇ ਫਿਲਮ ਨਿਰਦੇਸ਼ਕਾਂ ਨੂੰ ਸਪੱਸ਼ਟ ਕੀਤਾ ਕਿ ਜੇ ਉਹ ਕਮੀਆਂ ਦੂਰ ਕਰਦੇ ਹਨ ਤਾਂ NOC ਦੇਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ।
ਐਸਜੀਪੀਸੀ ਦਾ ਕਹਿਣਾ ਹੈ ਕਿ ਇਸ ਫਿਲਮ ਵਿੱਚ ਇਤਿਹਾਸ ਨੂੰ ਗਲਤ ਦਿਖਾਇਆ ਗਿਆ ਹੈ। ਜਿਸ ਕਾਰਨ ਫਿਲਮ ਦਾ ਨਿਰਦੇਸ਼ਨ ਸਹੀ ਨਹੀਂ ਹੈ। ਇਸ ਵਿੱਚ ਸੰਗਤਾਂ ਗੁਰੂ ਸਾਹਿਬਾਨ ਦੀ ਹਜ਼ੂਰੀ ਵਿੱਚ ਚੱਪਲਾਂ ਅਤੇ ਜੁੱਤੀਆਂ ਲੈ ਕੇ ਬੈਠ ਰਹੀਆਂ ਹਨ, ਜੋ ਕਿ ਬਹੁਤ ਵੱਡੀ ਭੁੱਲ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਆਦੇਸ਼ ਮੁਤਾਬਕ ਗੁਰੂ ਸਾਹਿਬਾਨ ਨੂੰ ਐਨੀਮੇਸ਼ਨ ਦੇ ਰੂਪ ਵਿਚ ਨਹੀਂ ਦਿਖਾਇਆ ਜਾ ਸਕਦਾ। ਦੂਜਾ ਇਤਿਹਾਸਕ ਤੌਰ ’ਤੇ ਫਿਲਮ ਦੀ ਕਹਾਣੀ ਦੀ ਕੋਈ ਤਰਤੀਬ ਨਹੀਂ ਹੈ। ਮਾਤਾ ਸੁੰਦਰੀ ਜੀ ਦਾ ਇਤਿਹਾਸ ਮਾਤਾ ਸਾਹਿਬ ਕੌਰ ਜੀ ਨਾਲ ਜੋੜਿਆ ਗਿਆ ਹੈ। ਫਿਲਮ ਵਿਚ ਕਈ ਇਤਿਹਾਸਕ ਅਤੇ ਸਿਧਾਂਤਕ ਗਲਤੀਆਂ ਹਨ।
