PSPCL ਵਲੋਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਮੇਂ ਸਿਰ ਦਫ਼ਤਰ ਪਹੁੰਚਣ ਦੇ ਹੁਕਮ ਜਾਰੀ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਣਨ ਤੋਂ ਬਾਅਦ ਬਹੁਤ ਸਾਰੇ ਨਿਯਮਾਂ ਵਿੱਚ ਬਦਲਾਅ ਕੀਤੇ ਗਏ ਹਨ। ਹੁਣ ਪੰਜਾਬ ਪਾਵਰ ਕਾਰਪੋਰੇਸ਼ਨ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਮੇਂ ਸਿਰ ਦਫ਼ਤਰ ਹਾਜ਼ਰ ਹੋਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਪਿਛਲੇ ਦਿਨਾਂ ਵਿੱਚ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਟਿਆਲਾ ’ਚ ਇਸ ਮਾਮਲੇ ਨੂੰ ਲੈ ਕੇ ਚੇਅਰਮੈਨ ਬਲਦੇਵ ਸਿੰਘ ਸਰਾਂ, ਬਿਜਲੀ ਸਕੱਤਰ ਤੇਜਵੀਰ ਸਿੰਘ ਅਤੇ ਹੋਰ ਡਾਇਰੈਕਟਰਾਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਸੀ।
ਪੰਜਾਬ ਪਾਵਰ ਕਾਰਪੋਰੇਸ਼ਨ ਵੱਲੋਂ ਜਾਰੀ ਕੀਤੇ ਗਏ ਪੱਤਰ ਨੰਬਰ 28158/28668 ’ਚ ਕਿਹਾ ਗਿਆ ਹੈ ਕਿ ਬਿਜਲੀ ਮੰਤਰੀ ਹਰਭਜਨ ਸਿੰਘ ਦੇ ਨਿਰਦੇਸ਼ਾਂ ਨੂੰ ਦੇਖਦੇ ਹੋਏ ਹੁਣ ਪਾਵਰ ਕਾਰਪੋਰੇਸ਼ਨ ਦੇ ਦਫ਼ਤਰਾਂ ’ਚ ਜੇ ਅਧਿਕਾਰੀ ਤੇ ਕਰਮਚਾਰੀ ਸਮੇਂ ਸਿਰ ਨਹੀਂ ਪਹੁੰਚਦੇ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪੱਤਰ ’ਚ ਲਿਖਿਆ ਹੈ ਕਿ ਹਰੇਕ ਅਧਿਕਾਰੀ ਅਤੇ ਕਰਮਚਾਰੀ ਨੂੰ ਸਵੇਰੇ 9 ਵਜੇ ਆਪਣੀ ਸੀਟ ’ਤੇ ਹਾਜ਼ਰ ਹੋਣਾ ਹੋਵੇਗਾ ਅਤੇ ਆਪਣੇ ਸਬੰਧਤ ਦਫਤਰੀ ਕੰਮਕਾਜ਼ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਪੂਰੇ ਕਰਨੇ ਹੋਣਗੇ।
ਜਿਨ੍ਹਾਂ ਦਫ਼ਤਰਾਂ ’ਚ ਸ਼ਿਫ਼ਟ ਡਿਊਟੀਆਂ ’ਚ ਕੰਮ ਹੁੰਦਾ ਹੈ, ਉਨ੍ਹਾਂ ਦਫ਼ਤਰਾਂ ’ਚ ਸ਼ਿਫ਼ਟ ਸ਼ੁਰੂ ਹੋਣ ਤੋਂ ਪਹਿਲਾਂ ਹਾਜ਼ਰੀ ਲਗਵਾਉਣਾ ਯਕੀਨੀ ਬਣਾਇਆ ਜਾਵੇ। ਸਵੇਰੇ 9.30 ਵਜੇ ਤੋਂ ਬਾਅਦ ਦੇਰੀ ਨਾਲ ਆਉਣ ’ਤੇ ਕਰਮਚਾਰੀਆਂ ਦੀ ਅੱਧੇ ਦਿਨ ਦੀ ਛੁੱਟੀ ਲਗਾਈ ਜਾਵੇਗੀ। ਹਾਜ਼ਰੀ ਰਜਿਸਟਰ ’ਚ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਆਪਣੀ ਹਾਜ਼ਰੀ ਦਰਜ ਕਰਨ ਲਈ ਆਪਣੇ ਦਸਤਖ਼ਤ ਅਤੇ ਦਰਜਾ 4 ਦੇ ਕਰਮਚਾਰੀਆਂ ਦੇ ਮਾਮਲੇ ’ਚ ‘ਹ’ ਅਤੇ ਕਿਸੇ ਕਰਮਚਾਰੀ ਦੀ ਛੁੱਟੀ ਹੋਣ ਦੀ ਸੂਰਤ ’ਚ ‘ਛ’ ਯਾਤਰਾ ’ਤੇ ‘ਡ’ ਲਿਖਣਾ ਲਾਜ਼ਮੀ ਹੋਵੇਗਾ।
ਹਾਜ਼ਰੀ ਰਜਿਸਟਰ ’ਚ ਕੋਈ ਵੀ ਜਗ੍ਹਾ ਖਾਲੀ ਨਹੀਂ ਛੱਡੀ ਜਾਵੇਗੀ। ਜੇ ਵਿਭਾਗ ਅਧੀਨ ਵੱਖ-ਵੱਖ ਸ਼ਾਖਾਵਾਂ ਦਾ ਸਿਰਫ਼ ਇਕ ਹੀ ਅਧਿਕਾਰੀ ਹੈ ਅਤੇ ਉਸ ਅਧੀਨ ਹਾਜ਼ਰੀ ਰਜਿਸਟਰ ਇਕ ਹੀ ਹੋਣਾ ਚਾਹੀਦਾ। ਹਾਜ਼ਰੀ ਰਜਿਸਟਰ ਦੇ ਆਖਰੀ ਕਾਲਮ ’ਚ ਇਹ ਲਿਖਿਆ ਜਾਵੇ ਕਿ ਕਰਮਚਾਰੀ ਵੱਲੋਂ ਮਹੀਨੇ ’ਚ ਕਿੰਨੀਆਂ ਛੁੱਟੀਆਂ ਲਈਆਂ ਗਈਆਂ ਹਨ ਅਤੇ ਕਿੰਨੀਆਂ ਛੁੱਟੀਆਂ ਬਕਾਇਆ ਹਨ।
ਦੁਪਹਿਰ ਦੇ ਖਾਣੇ ਦਾ ਸਮਾਂ ਦੁਪਹਿਰ 1.30 ਤੋਂ 2.00 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ। ਇਸ ਤੋਂ ਬਾਅਦ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਤੁਰੰਤ ਆਪਣੇ ਦਫ਼ਤਰ ’ਚ ਹਾਜ਼ਰ ਹੋਣਾ ਪਵੇਗਾ। ਹਾਜ਼ਰੀ ਰਜਿਸਟਰ ਦੇ ਨਾਲ ਇਕ ਬਾਹਰੀ ਯਾਤਰਾ ਰਜਿਸਟਰ ਵੀ ਲਗਾਇਆ ਜਾਵੇਗਾ ਜਿਸ ’ਚ ਇਹ ਲਿਖਿਆ ਜਾਵੇਗਾ ਕਿ ਜੇ ਕਿਸੇ ਅਧਿਕਾਰੀ ਜਾਂ ਕਰਮਚਾਰੀ ਨੂੰ ਫੀਲਡ ’ਚ ਜਾਣਾ ਪੈਂਦਾ ਹੈ ਤਾਂ ਉਸ ਬਾਰੇ ਰਜਿਸਟਰ ’ਚ ਐਂਟਰੀ ਹੋਣੀ ਚਾਹੀਦੀ ਹੈ। ਪਾਵਰ ਕਾਰਪੋਰੇਸ਼ਨ ਵਲੋਂ ਜਾਰੀ ਨੋਟੀਫਿਕੇਸ਼ਨ ਨੂੰ ਸਾਰੇ ਪਾਵਰ ਕਾਰਪੋਰੇਸ਼ਨ ਦਫ਼ਤਰਾਂ ’ਚ ਕਾਰਵਾਈ ਲਈ ਭੇਜ ਦਿੱਤਾ ਗਿਆ ਹੈ।