ਪੰਜਾਬੀ ਲੋਕ · ਪੰਜਾਬੀ ਖ਼ਬਰਾਂਪੁਰਾਣੀਆਂ ਖ਼ਬਰਾਂ ਦਾ ਸੰਗ੍ਰਹਿ
ਹੋਮ › ਖ਼ਬਰਾਂ
ਖ਼ਬਰਾਂ

PRTC ਅਤੇ PUNBUS ਮੁਲਾਜ਼ਮਾਂ ਦੀ ਹੜਤਾਲ ਜਾਰੀ, ਹੜਤਾਲੀ ਮੁਲਾਜ਼ਮਾਂ ਨੇ ਖਰੜ ਹਾਈਵੇਅ ਕੀਤਾ ਜਾਮ

ਪੰਜਾਬੀ ਲੋਕ · 15 December 2021
ਮੂਲ ਤਸਵੀਰ ਉਪਲਬਧ ਨਹੀਂ

ਪੰਜਾਬ  ਰੋਡ ਟਰਾਂਸਪੋਰਟ ਕਾਰਪੋਰੇਸ਼ਨ ਅਤੇ ਪਨਬੱਸ ਦੇ ਕੱਚੇ ਕਾਮਿਆਂ ਦੀ ਹੜਤਾਲ ਨੌਵੇਂ ਦਿਨ ਵੀ ਜਾਰੀ ਹੈ। ਕਰਮਚਾਰੀਆਂ ਦੀ 9 ਦਸੰਬਰ ਤੋਂ ਬਾਅਦ 14 ਦਸੰਬਰ ਨੂੰ ਹੋਈ ਕੈਬਨਿਟ ਮੀਟਿੰਗ ਤੋਂ ਬਾਅਦ ਵੀ ਪੱਕੀ ਨੌਕਰੀ ਦਾ ਕੋਈ ਹੱਲ ਨਹੀਂ ਨਿਕਲਿਆ।

ਮੂਲ ਤਸਵੀਰ ਸੰਭਾਲੀ ਨਹੀਂ ਗਈ

ਇਸ ਤੋਂ ਬਾਅਦ ਹੁਣ ਹੜਤਾਲੀ ਮੁਲਾਜ਼ਮਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਖਰੜ ਸਥਿਤ ਰਿਹਾਇਸ਼ ਅੱਗੇ ਧਰਨਾ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਅੱਜ ਮੁਲਾਜ਼ਮਾਂ ਨੇ ਖਰੜ ਹਾਈਵੇਅ ਜਾਮ ਕਰ ਦਿੱਤਾ ਹੈ। ਪੰਜਾਬ ਸਰਕਾਰ ਵਿੱਚ ਪੱਕੀ ਨੌਕਰੀ ਦੀ ਮੰਗ ਨੂੰ ਲੈ ਕੇ 7500 ਮੁਲਾਜ਼ਮ ਹੜਤਾਲ ਤੇ ਹਨ। ਹੁਣ ਕਿਸਾਨ ਜਥੇਬੰਦੀਆਂ ਵੀ ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ਦੇ ਸਮਰਥਨ ਵਿੱਚ ਆ ਗਈਆਂ ਹਨ।

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਕ੍ਰਾਂਤੀਕਾਰੀ ਨੇ ਅਗਲੇ ਸੰਘਰਸ਼ ਲਈ ਉਨ੍ਹਾਂ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ। ਉਮੀਦ ਹੈ ਕਿ ਅੱਜ ਖਰੜ ਵਿੱਚ ਹੋਣ ਵਾਲੇ ਪ੍ਰਦਰਸ਼ਨ ਵਿੱਚ ਕਿਸਾਨ ਆਗੂ ਵੀ ਉਨ੍ਹਾਂ ਦਾ ਸਾਥ ਦੇਣਗੇ। ਹੜਤਾਲ ਕਾਰਨ ਪੰਜਾਬ ਦੇ 27 ਬੱਸ ਅੱਡੇ ਬੰਦ ਹਨ ਅਤੇ 2500 ਬੱਸਾਂ ਬੱਸ ਸਟੈਂਡ ਤੇ ਖੜ੍ਹੀਆਂ ਹਨ।

80 ਫ਼ੀਸਦੀ ਸਰਕਾਰੀ ਬੱਸਾਂ ਦੇ ਨਾ ਚੱਲਣ ਕਾਰਨ ਵਿਭਾਗ ਨੂੰ ਰੋਜ਼ਾਨਾ 4 ਕਰੋੜ ਰੁਪਏ ਦਾ ਘਾਟਾ ਪੈ ਰਿਹਾ ਹੈ ਅਤੇ ਹੁਣ ਤੱਕ ਕਰੀਬ 15 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਸਭ ਤੋਂ ਵੱਡੀ ਪ੍ਰੇਸ਼ਾਨੀ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਕਰਨ ਵਾਲੇ ਮੁਲਾਜ਼ਮਾਂ, ਵਿਦਿਆਰਥੀਆਂ ਅਤੇ ਔਰਤਾਂ ਨੂੰ ਝੱਲਣੀ ਪੈ ਰਹੀ ਹੈ।

ਪੰਜਾਬ ਰਾਜ ਟਰਾਂਸਪੋਰਟ ਕਾਰਪੋਰੇਸ਼ਨ ਯੂਨੀਅਨ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਇਹ ਸੰਘਰਸ਼ 10 ਹਜ਼ਾਰ ਨਵੀਆਂ ਸਰਕਾਰੀ ਬੱਸਾਂ ਚਲਾ ਕੇ ਸਰਕਾਰੀ ਟਰਾਂਸਪੋਰਟ ਨੂੰ ਬਚਾਉਣ, ਕੱਚੇ ਮੁਲਾਜ਼ਮਾਂ, ਐਡਵਾਂਸ ਬੁੱਕਰਾਂ ਨੂੰ ਪੱਕਾ ਕਰਨ, ਡਾਟਾ ਐਂਟਰੀ ਅਪਰੇਟਰਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ ਕਰਨ ਅਤੇ ਨਾਜਾਇਜ਼ ਸ਼ਰਤਾਂ ਹੇਠ ਕੱਢੇ ਗਏ ਮੁਲਾਜ਼ਮਾਂ ਨੂੰ ਪੱਕਾ ਕਰਵਾਉਣ ਲਈ ਹੈ ਅਤੇ ਹੜਤਾਲ ਭਰਤੀ ਹੋਣ ਤੱਕ ਜਾਰੀ ਰਹੇਗੀ।  

ਇਹ ਮੂਲ ਪ੍ਰਕਾਸ਼ਨ ਸਮੇਂ ਦੀ ਖ਼ਬਰ ਹੈ। ਇਸ ਵਿਚਲੇ ਬਿਆਨ ਅਤੇ ਜਾਣਕਾਰੀ ਨੂੰ ਮੌਜੂਦਾ ਖ਼ਬਰ ਨਾ ਸਮਝੋ।

← ਹੋਰ ਖ਼ਬਰਾਂ