PM ਮੋਦੀ ਨੇ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ’ਤੇ ਸਿੱਕਾ ਤੇ ਡਾਕ ਟਿਕਟ ਕੀਤੀ ਜਾਰੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਲਾਲ ਕਿਲ੍ਹੇ ਵਿੱਚ ਆਯੋਜਿਤ ਇੱਕ ਸਮਾਰੋਹ ਦੌਰਾਨ ਇੱਕ ਵਿਸ਼ੇਸ਼ ਸਿੱਕਾ ਅਤੇ ਡਾਕ ਟਿਕਟ ਜਾਰੀ ਕੀਤੀ। ਇਸ ਦੌਰਾਨ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸ਼ਬਦ ਕੀਰਤਨ ਸੁਣ ਕੇ ਮਨ ਨੂੰ ਜੋ ਸ਼ਾਂਤੀ ਮਿਲੀ, ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ।
ਮੈਂ ਇਸ ਪਵਿੱਤਰ ਮੌਕੇ ਤੇ ਸਾਰੇ ਦਸ ਗੁਰੂਆਂ ਦੇ ਚਰਨਾਂ ਵਿੱਚ ਨਮਨ ਕਰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਅੱਜ ਸਾਡਾ ਦੇਸ਼ ਪੂਰੀ ਨਿਸ਼ਠਾ ਨਾਲ ਗੁਰੂਆਂ ਦੇ ਆਦਰਸ਼ਾਂ ਤੇ ਅੱਗੇ ਵਧ ਰਿਹਾ ਹੈ। ਸਾਰੇ ਦੇਸ਼ਵਾਸੀਆਂ ਅਤੇ ਪੂਰੀ ਦੁਨੀਆ ਵਿੱਚ ਗੁਰਬਾਣੀ ਵਿੱਚ ਆਸਥਾ ਰੱਖਣ ਵਾਲੇ ਸਾਰੇ ਲੋਕਾਂ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦਾ ਹਾਂ। ਲਾਲ ਕਿਲ੍ਹੇ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਵੀ ਵੇਖਿਆ ਹੈ ਤੇ ਦੇਸ਼ ਲਈ ਮਰ ਮਿਟਣ ਵਾਲੇ ਲੋਕਾਂ ਦੇ ਹੌਂਸਲੇ ਨੂੰ ਪਰਖਿਆ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਸ ਸਮੇਂ ਭਾਰਤ ਨੂੰ ਆਪਣੀ ਪਛਾਣ ਬਚਾਉਣ ਲਈ ਇੱਕ ਉਮੀਦ ਗੁਰੂ ਤੇਗ ਬਹਾਦਰ ਜੀ ਦੇ ਰੂਪ ਵਿੱਚ ਦਿਸੀ ਸੀ। ਉਸ ਸਮੇਂ ਗੁਰੂ ਤੇਗ ਬਹਾਦਰ ਜੀ ‘ਹਿੰਦ ਦੀ ਚਾਦਰ’ ਬਣ ਕੇ ਔਰੰਗਜੇਬ ਦੇ ਜਬਰ-ਜ਼ੁਲਮ ਦੇ ਸਾਹਮਣੇ ਇੱਕ ਚੱਟਾਨ ਬਣ ਕੇ ਖੜ੍ਹੇ ਹੋ ਗਏ ਸਨ। ਉਸ ਸਮੇਂ ਦੇਸ਼ ਵਿੱਚ ਮਜ਼ਹਬੀ ਕੱਟੜਤਾ ਭਾਰੂ ਸੀ।
ਪੀਐਮ ਮੋਦੀ ਨੇ ਕਿਹਾ ਕਿ, ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਨੇ ਭਾਰਤ ਦੀਆਂ ਅਨੇਕਾਂ ਪੀੜ੍ਹੀਆਂ ਨੂੰ ਸੰਸਕ੍ਰਿਤੀ ਦੀ ਮਰਿਆਦਾ ਦੀ ਰੱਖਿਆ, ਉਸ ਦੇ ਮਾਣ ਸਨਮਾਨ ਲਈ ਜਿਊਣ ਅਤੇ ਮਰ-ਮਿਟਣ ਦੀ ਪ੍ਰੇਰਨਾ ਦਿੱਤੀ ਹੈ। ਵੱਡੇ ਵੱਡੇ ਤੂਫ਼ਾਨ ਆਏ ਪਰ ਭਾਰਤ ਅੱਜ ਵੀ ਅਮਰ ਖੜ੍ਹਾ ਹੈ ਤੇ ਅੱਗੇ ਵਧ ਰਿਹਾ ਹੈ। ਇਸ ਸਮਾਰੋਹ ’ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਰਾਗੀ ਅਤੇ ਬੱਚੇ ਵੀ ਸ਼ਾਮਲ ਹੋਏ।
ਇਸ ਦੌਰਾਨ ਗੁਰੂ ਜੀ ਦੇ ਜੀਵਨ ’ਤੇ ਆਧਾਰਿਤ ਇਕ ਲਾਈਟ ਐਂਡ ਸਾਊਂਡ ਸ਼ੋਅ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸਿੱਖਾਂ ਦੇ ਰਵਾਇਤੀ ਮਾਰਸ਼ਲ ਆਰਟ ‘ਗੱਤਕਾ’ ਦਾ ਵੀ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਤਹਿਤ ਕੀਤਾ ਜਾ ਰਿਹਾ ਹੈ।
