PM ਮੋਦੀ ਨੇ ਕੀਤਾ ਐਲਾਨ, ਸਰਕਾਰ ਹਰ ਮੁੱਦੇ ’ਤੇ ਚਰਚਾ ਲਈ ਤਿਆਰ

ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਖ਼ਿਲਾਫ਼ 26 ਜਨਵਰੀ ਦੀ ਹਿੰਸਾ ਤੋਂ ਬਾਅਦ ਕਈ ਪਾਸਿਓ ਕਾਰਵਾਈਆਂ ਸ਼ੁਰੂ ਹੋ ਰਹੀਆਂ ਹਨ। ਬਜਟ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ।

ਇਸ ਦੇ ਨਾਲ ਹੀ ਇਹ ਵੀ ਭਰੋਸਾ ਦਿਵਾਇਆ ਹੈ ਕਿ ਸਰਕਾਰ ਸਾਰੇ ਮੁੱਦਿਆਂ ਤੇ ਚਰਚਾ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਭਾਰਤ ਦੇ ਉੱਜਲ ਭਵਿੱਖ ਲਈ ਇਹ ਦਹਾਕਾ ਬਹੁਤ ਹੀ ਅਹਿਮ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇਸ਼ ਨੂੰ ਕਈ ਮਿੰਨੀ ਬਜਟ ਮਿਲੇ; ਇਹ ਬਜਟ ਵੀ ਉਸੇ ਲੜੀ ਦਾ ਇੱਕ ਹਿੱਸਾ ਮੰਨਿਆ ਜਾਵੇ।
ਉਨ੍ਹਾਂ ਕਿਹਾ ਕਿ ਜਿਸ ਆਸ ਤੇ ਵਿਸ਼ਵਾਸ ਨਾਲ ਦੇਸ਼ ਦੀ ਜਨਤਾ ਨੇ ਸਾਨੂੰ ਸੰਸਦ ’ਚ ਭੇਜਿਆ ਹੈ, ਅਸੀਂ ਉਸ ਸੰਸਦ ਦੇ ਇਸ ਪਵਿੱਤਰ ਸਥਾਨ ਦੀ ਭਰਪੂਰ ਵਰਤੋਂ ਕਰਦਿਆਂ ਲੋਕਤੰਤਰ ਦੀਆਂ ਸਾਰੀਆਂ ਮਰਿਆਦਾਵਾਂ ਦੀ ਪਾਲਣਾ ਕਰਦਿਆਂ ਆਮ ਜਨਤਾ ਦੀਆਂ ਆਸਾਂ ਦੀ ਪੂਰਤੀ ਕਰਦੇ ਹੋਏ ਆਪਣੇ ਯੋਗਦਾਨ ਤੋਂ ਪਿੱਛੇ ਨਹੀਂ ਰਹਿਣਗੇ।
ਬਜਟ ਸੈਸ਼ਨ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਵਿੱਤ ਮੰਤਰੀ ਨੂੰ ਚਾਰ-ਪੰਜ ਮਿੰਨੀ ਬਜਟ ਦੇਣੇ ਪਏ ਸਨ। ਇਸ ਵਾਰ ਦਾ ਬਜਟ ਵੀ ਚਾਰ-ਪੰਜ ਮਿੰਨੀ ਬਜਟ ਦੀ ਲੜੀ ਵਿੱਚ ਹੀ ਵੇਖਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੁੱਢ ਤੋਂ ਹੀ ਆਜ਼ਾਦੀ ਦੇ ਪਰਵਾਨਿਆਂ ਨੇ ਜਿਹੜੇ ਸੁਫ਼ਨੇ ਵੇਖੇ ਸਨ, ਉਨ੍ਹਾਂ ਸੁਫ਼ਨਿਆਂ ਨੂੰ, ਉਨ੍ਹਾਂ ਸੰਕਲਪਾਂ ਨੂੰ ਤੇਜ਼ ਰਫ਼ਤਾਰ ਨਾਲ ਸਾਕਾਰ ਕਰਨ ਦਾ ਇਹ ਸੁਨਹਿਰੀ ਮੌਕਾ ਦੇਸ਼ ਕੋਲ ਆਇਆ ਹੈ।
ਇਸ ਦਹਾਕੇ ਦਾ ਭਰਪੂਰ ਉਪਯੋਗ ਹੋਣਾ ਚਾਹੀਦਾ ਹੈ। ਇਸ ਲਈ ਸੈਸ਼ਨ ਵਿੱਚ ਇਸ ਪੂਰੇ ਦਹਾਕੇ ਨੂੰ ਧਿਆਨ ’ਚ ਰੱਖਦਿਆਂ ਚਰਚਾ ਹੋਣੀ ਚਾਹੀਦੀ ਹੈ। ਹਰ ਤਰ੍ਹਾਂ ਦੇ ਵਿਚਾਰ ਪੇਸ਼ ਹੋਣੇ ਚਾਹੀਦੇ ਹਨ ਤੇ ਉਸ ਮੰਥਨ ਤੋਂ ਬਾਅਦ ਉੱਤਮ ਅੰਮ੍ਰਿਤ ਪ੍ਰਾਪਤ ਹੋਣਾ ਚਾਹੀਦਾ ਹੈ ਦੇਸ਼ ਇਹੋ ਚਾਹੁੰਦਾ ਹੈ।
