ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਰਸਨਲ ਵੈਬਸਾਈਟ ਦੇ ਟਵਿੱਟਰ ਅਕਾਉਂਟ ਨੂੰ ਹੈਕਰਾਂ ਰਾਹੀਂ ਹੈਕ ਕਰ ਲਿਆ ਗਿਆ ਹੈ। ਹੈਕਰ ਨੇ ਕੋਵਿਡ-19 ਰਿਲੀਫ ਫੰਡ ਲਈ ਡੋਨੇਸ਼ਨ ਵਿਚ ਬਿਟਕਵਾਇਨ ਦੀ ਮੰਗ ਕੀਤੀ ਹੈ। ਹਾਲਾਂਕਿ ਇਹ ਟਵੀਟ ਤੁਰੰਤ ਡਿਲੀਟ ਕਰ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਆਫ਼ਿਸ ਜਾਂ ਪੀਐਮ ਮੋਦੀ ਦੇ ਨਿਜੀ ਅਕਾਉਂਟ ਤੋਂ ਇਸ ਘਟਨਾ ਤੇ ਕੋਈ ਬਿਆਨ ਨਹੀਂ ਆਇਆ। ਪੀਐਮ ਮੋਦੀ ਦੇ ਟਵਿਟਰ ਅਕਾਉਂਟ ਹੈਕ ਹੋਣ ਤੇ ਟਵਿੱਟਰ ਬੁਲਾਰੇ ਦਾ ਬਿਆਨ ਸਾਹਮਣੇ ਆਇਆ ਹੈ।
ਉਹਨਾਂ ਕਿਹਾ ਕਿ ਉਹ ਇਸ ਸਥਿਤੀ ਤੋਂ ਜਾਣੂ ਹਨ ਅਤੇ ਅਕਾਉਂਟ ਦੀ ਸੁਰੱਖਿਆ ਲਈ ਕੁੱਝ ਕਦਮ ਚੁੱਕੇ ਹਨ। ਉਹ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਪੀਐਮ ਮੋਦੀ ਦੀ ਪਰਸਨਲ ਵੈਬਸਾਈਟ ਦੇ ਟਵਿੱਟਰ ਅਕਾਉਂਟ ਤੇ ਇਕ ਮੈਸੇਜ ਲਿਖਿਆ ਗਿਆ ਹੈ, ਇਹ ਅਕਾਉਂਟ ਜਾਨ ਵਿਕ ਨੇ ਹੈਕ ਕੀਤਾ ਹੈ। ਉਹਨਾਂ ਨੇ ਪੇਟੀਐਮ ਮਾਲ ਹੈਕ ਨਹੀਂ ਕੀਤਾ। ਪਰ ਹੁਣ ਇਹ ਟਵੀਟ ਡਿਲੀਟ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਜੀ ਕਿਸ਼ਨ ਰੈਡੀ ਦੀ ਨਿਜੀ ਵੈਬਸਾਈਟ ਨੂੰ ਪਾਕਿਸਤਾਨੀ ਹੈਕਰਾਂ ਨੇ ਨਿਸ਼ਾਨਾ ਬਣਾਇਆ ਸੀ।
ਵੈਬਸਾਈਟ ਨੂੰ ਸੁਤੰਤਰਤਾ ਦਿਵਸ ਤੇ ਹੈਕ ਕਰ ਲਿਆ ਗਿਆ ਸੀ ਅਤੇ ਹੈਕਰਾਂ ਨੇ ਪਾਕਿਸਤਾਨ ਨਾਲ ਸਬੰਧਿਤ ਸੁਨੇਹੇ ਦਿੱਤੇ ਸਨ। ਇਸ ਘਟਨਾ ਦੀ ਪੁਸ਼ਟੀ ਜੀ ਕਿਸ਼ਨ ਰੈਡੀ ਦੇ ਦਫ਼ਤਰ ਨੇ ਬਾਅਦ ਵਿਚ ਹੈਦਰਾਬਾਦ ਵਿਚ ਕੀਤੀ ਸੀ। ਦਸ ਦਈਏ ਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ, ਟੇਸਲਾ ਦੇ ਸੀਈਓ ਇਲੋਨ ਮਸਕ, ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ, ਜੇਫ ਬੇਜਾਸ, ਓਬਾਮਾ ਸਮੇਤ ਹਾਈ ਪ੍ਰੋਫਾਈਲ ਟਵਿੱਟਰ ਅਕਾਉਂਟ ਵੀ ਇਕੱਠੇ ਹੈਕ ਕੀਤੇ ਗਏ ਸਨ।
ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਦੇ ਦੋਵਾਂ ਪ੍ਰਮੁੱਖ ਦਲਾਂ ਰਿਪਬਲਿਕਨ ਪਾਰਟੀ ਅਤੇ ਵਿਰੋਧੀ ਡੇਮੋਕ੍ਰੇਟਿਕ ਪਾਰਟੀ ਦੇ ਕਈ ਮੈਂਬਰਾਂ ਨੇ ਟਵਿੱਟਰ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਸੀ। ਉਹਨਾਂ ਦਾ ਕਹਿਣਾ ਸੀ ਕਿ ਇਸ ਸੋਸ਼ਲ ਮਾਈਕ੍ਰੋਬਲਾਗਿੰਗ ਸਾਈਟ ਨੂੰ ਇਹ ਦਸਣਾ ਚਾਹੀਦਾ ਸੀ ਕਿ ਉਹਨਾਂ ਤੋਂ ਸੁਰੱਖਿਆ ਵਿਚ ਕਿਵੇਂ ਗਲਤੀ ਹੋ ਗਈ?
