NIA ਦੀ ਵੱਡੀ ਕਾਰਵਾਈ, ਪੰਜਾਬ ਸਮੇਤ 5 ਸੂਬਿਆਂ ’ਚ ਮਾਰੇ ਛਾਪੇ, ਲਾਰੈਂਸ ਤੋਂ ਵੀ ਕੀਤੀ ਗਈ ਪੁੱਛਗਿੱਛ

 NIA ਦੀ ਵੱਡੀ ਕਾਰਵਾਈ, ਪੰਜਾਬ ਸਮੇਤ 5 ਸੂਬਿਆਂ ’ਚ ਮਾਰੇ ਛਾਪੇ, ਲਾਰੈਂਸ ਤੋਂ ਵੀ ਕੀਤੀ ਗਈ ਪੁੱਛਗਿੱਛ

ਕੌਮੀ ਜਾਂਚ ਏਜੰਸੀ ਵੱਲੋਂ ਅੱਜ ਹਰਿਆਣਾ ਸਮੇਤ ਕਈ ਸੂਬਿਆਂ ਵਿੱਚ ਗੈਂਗਸਟਰਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਹੈ। ਉੱਤਰ ਪ੍ਰਦੇਸ਼ ਹਰਿਆਣਾ, ਦਿੱਲੀ, ਪੰਜਾਬ ਅਤੇ ਰਾਜਸਥਾਨ ਵਿੱਚ ਐਨਆਈਏ ਦੀ ਕਾਰਵਾਈ ਚੱਲ ਰਹੀ ਹੈ। ਐਨਆਈਏ ਦਾ ਮਕਸਦ ਗੈਂਗਸਟਰਾਂ ਦੇ ਪਾਕਿਸਤਾਨ ਜਾਂ ਹੋਰ ਦੂਜੇ ਦੇਸ਼ਾਂ ਵਿੱਚ ਬੈਠੇ ਅੱਤਵਾਦੀਆਂ ਨਾਲ ਕੁਨੈਕਸ਼ਨ ਖੰਗਾਲਣ ਦਾ ਹੈ।

Image

ਦੱਸ ਦਈਏ ਕਿ ਕਈ ਨਾਮੀ ਗੈਂਗਸਟਰਾਂ ਖਿਲਾਫ਼ ਪਿਛਲੇ ਦਿਨੀਂ ਹੀ ਦਿੱਲੀ ਦੀ ਸਪੈਸ਼ਲ ਸੈੱਲ ਨੇ ਗ਼ੈਰ ਕਾਨੂੰਨੀ ਗਤੀਵਿਧੀਆਂ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਗੈਂਗਸਟਰਾਂ ਦੇ ਪਾਕਿਸਤਾਨ ਕੁਨੈਕਸ਼ਨ ਖੰਗਾਲਣ ਲਈ ਐਨਆਈਏ ਵੱਲੋਂ ਪਹਿਲਾਂ ਵੀ ਕਈ ਥਾਈਂ ਛਾਪੇਮਾਰੀ ਕੀਤੀ ਜਾ ਚੁੱਕੀ ਹੈ। ਦੱਸ ਦਈਏ ਕਿ ਕਈ ਮਹੀਨੇ ਪੰਜਾਬ ਪੁਲਿਸ ਦੀ ਕਸਟੱਡੀ ਵਿੱਚ ਰਹਿਣ ਤੋਂ ਬਾਅਦ ਕੁਝ ਦਿਨ ਪਹਿਲਾਂ ਹੀ ਐਨਆਈਏ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਸੈਂਟਰਲ ਜੇਲ੍ਹ ਵਿੱਚੋਂ 10 ਦਿਨਾਂ ਦੇ ਰਿਮਾਂਡ ਤੇ ਲਿਆ ਹੈ।

ਲਾਰੈਂਸ ਬਿਸ਼ਨੋਈ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਸ਼ਾਮਲ ਹੈ। ਉਸ ਤੋਂ ਏਜੰਸੀ ਅੱਤਵਾਦੀ ਸੰਪਰਕ ਹੋਣ ਬਾਰੇ ਪੁੱਛ-ਗਿੱਛ ਕਰ ਰਹੀ ਹੈ। ਗੈਂਗਸਟਰਾਂ ਲਾਰੈਂਸ ਅਤੇ ਗੋਲਡੀ ਬਰਾੜ ਤੋਂ ਇਲਾਵਾ ਕੁਝ ਹੋਰ ਗੈਂਗਸਟਰਾਂ ਦੇ ਪਾਕਿਸਤਾਨ ਵਿੱਚ ਅੱਤਵਾਦੀਆਂ ਨਾਲ ਸੰਪਰਕ ਹੋਣ ਕਾਰਨ ਐਨਆਈਏ ਛਾਪੇਮਾਰੀ ਕਰ ਰਹੀ ਹੈ ਅਤੇ ਰਿਕਾਰਡ ਖੰਗਾਲਣ ਵਿੱਚ ਜੁੱਟੀ ਹੈ।

ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਖੁਫ਼ੀਆ ਏਜੰਸੀਆਂ ਨੇ ਗ੍ਰਹਿ ਮੰਤਰਾਲੇ ਨੂੰ ਇਨਪੁੱਟ ਦਿੱਤੇ ਹਨ ਕਿ ਕਈ ਗੈਂਗਸਟਰ ਅੱਤਵਾਦੀ ਸੰਗਠਨਾਂ ਦੇ ਸੰਪਰਕ ਵਿੱਚ ਹਨ, ਜਿਹਨਾਂ ਦਾ ਉਦੇਸ਼ ਅੱਤਵਾਦੀ ਸੰਗਠਨਾਂ ਦੇ ਇਸ਼ਾਰੇ ਤੇ ਟਾਰਗਿਟ ਕਿਲਿੰਗ ਕਰਨਾ ਹੋ ਸਕਦਾ ਹੈ।

Leave a Reply

Your email address will not be published. Required fields are marked *