FIR ਤੋਂ ਬਾਅਦ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਦਿੱਤਾ ਅਸਤੀਫ਼ਾ, ਲੱਗੇ ਇਲਜ਼ਾਮਾਂ ਨੂੰ ਨਕਾਰਿਆ

ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ‘ਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਉਣ ਵਾਲੀ ਮਹਿਲਾ ਕੋਚ ਦੀ ਸ਼ਿਕਾਇਤ ਤੋਂ ਬਾਅਦ ਐਫਆਈਆਰ ਦਰਜ ਕੀਤੀ ਗਈ ਹੈ। ਆਈਪੀਸੀ ਦੀਆਂ ਧਾਰਾਵਾਂ 354, 354ਏ, 354ਬੀ, 342 ਅਤੇ 506 ਤਹਿਤ ਕੇਸ ਦਰਜ ਕੀਤਾ ਗਿਆ ਹੈ। ਚੰਡੀਗੜ੍ਹ ਪੁਲੀਸ ਦੇ ਪੀਆਰਓ ਨੇ ਦੱਸਿਆ ਕਿ ਅਜੇ ਜਾਂਚ ਚੱਲ ਰਹੀ ਹੈ।
ਹੁਣ ਸੰਦੀਪ ਸਿੰਘ ਨੇ ਮੰਤਰੀ ਅਹੁਦਾ ਛੱਡ ਦਿੱਤਾ ਹੈ। ਚੰਡੀਗੜ੍ਹ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਦਕਿ ਸੰਦੀਪ ਸਿੰਘ ਇਸ ਨੂੰ ਸਿਆਸੀ ਸਾਜ਼ਿਸ਼ ਦੱਸ ਰਹੇ ਹਨ। ਉਹਨਾਂ ਦੱਸਿਆ ਕਿ ਬਿਨਾਂ ਕਿਸੇ ਆਧਾਰ ਦੇ ਐਫਆਈਆਰ ਦਰਜ ਕੀਤੀ ਗਈ ਹੈ। ਉਹਨਾਂ ਕਿਹਾ ਕਿ, ਮੈਨੂੰ ਬਹੁਤ ਦੁੱਖ ਹੁੰਦਾ ਹੈ ਕਿ ਇਕ ਖਿਡਾਰੀ ਹੋਣ ਦੇ ਨਾਤੇ ਜੋ ਦੂਜਿਆਂ ਦੀ ਮਦਦ ਕਰਦਾ ਹੈ, ਫਿਰ ਬਦਲੇ ਵਿਚ ਅਜਿਹੇ ਇਲਜ਼ਾਮ ਲਗਾਏ ਜਾਂਦੇ ਹਨ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੁੰਦਾ।
ਹਰਿਆਣਾ ਦੇ ਖਿਡਾਰੀ ਹਰ ਖੇਡ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਵਿੱਚ ਹਰਿਆਣਾ ਸਭ ਤੋਂ ਅੱਗੇ ਹੈ। ਜਦੋਂ ਤੋਂ ਮੈਂ ਹਰਿਆਣਾ ‘ਚ ਖੇਡ ਮੰਤਰੀ ਦਾ ਅਹੁਦਾ ਸੰਭਾਲਿਆ ਹੈ, ਦਿਨ-ਬ-ਦਿਨ ਹਰਿਆਣਾ ਬਿਹਤਰ ਕਰ ਰਿਹਾ ਹੈ। ਇਸ ਮਾਮਲੇ ਵਿੱਚ ਮੈਂ ਕਹਿਣਾ ਚਾਹਾਂਗਾ ਕਿ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਦੱਸ ਦਈਏ ਕਿ ਹਰਿਆਣਾ ‘ਚ ਨਿਯੁਕਤ ਰਾਸ਼ਟਰੀ ਅਥਲੀਟ ਅਤੇ ਜੂਨੀਅਰ ਕੋਚ ਸੰਦੀਪ ਸਿੰਘ ‘ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਖੇਡ ਮੰਤਰੀ ਨੇ ਉਸ ਨੂੰ ਆਪਣੇ ਘਰ ਬੁਲਾ ਕੇ ਮੇਰੇ ਨਾਲ ਛੇੜਛਾੜ ਕੀਤੀ।
ਮਹਿਲਾ ਕੋਚ ਨੇ ਦੱਸਿਆ ਕਿ ਖੇਡ ਮੰਤਰੀ ਸੰਦੀਪ ਸਿੰਘ ਨੇ ਉਸ ਨਾਲ ਇੰਸਟਾਗ੍ਰਾਮ ਰਾਹੀਂ ਸੰਪਰਕ ਕੀਤਾ ਸੀ। ਖੇਡ ਮੰਤਰੀ ਸੰਦੀਪ ਸਿੰਘ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਤੁਸੀਂ ਮੇਰੀ ਗੱਲ ਮੰਨੋਗੇ ਤਾਂ ਤੁਹਾਨੂੰ ਸਾਰੀਆਂ ਸਹੂਲਤਾਂ ਅਤੇ ਲੋੜੀਂਦੀ ਜਗ੍ਹਾ ‘ਤੇ ਤਾਇਨਾਤੀ ਮਿਲੇਗੀ। ਕੋਚ ਨੇ ਇਲਜ਼ਾਮ ਲਾਇਆ ਕਿ ਜਦੋਂ ਮੈਂ ਮੰਤਰੀ ਸੰਦੀਪ ਸਿੰਘ ਦੀ ਗੱਲ ਨਹੀਂ ਸੁਣੀ ਤਾਂ ਉਸ ਦਾ ਤਬਾਦਲਾ ਕਰ ਦਿੱਤਾ ਗਿਆ ਅਤੇ ਸਿਖਲਾਈ ਬੰਦ ਕਰ ਦਿੱਤੀ ਗਈ।