CM ਮਾਨ ਨੇ ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ, ਕਿਹਾ, ਪ੍ਰਾਈਵੇਟ ਸਕੂਲਾਂ ਵਾਂਗ ਬਣਾਏ ਜਾਣਗੇ ਸਰਕਾਰੀ ਸਕੂਲ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੁਧਿਆਣੇ ਪਹੁੰਚ ਕੇ ਮਾਸਡਰ ਕਾਡਰ ਦੇ 3910 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ ਹਨ। ਇਸ ਮੌਕਾ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਸਹੂਲਤਾਂ ਦੀ ਕਾਇਆ-ਕਲਪ ਕੀਤੀ ਜਾਵੇਗੀ ਤੇ ਕੋਈ ਵੀ ਸਕੂਲ ਅਜਿਹਾ ਨਹੀਂ ਹੋਵੇਗਾ ਜਿੱਥੇ ਬੱਚੇ ਟਾਟਾਂ ਜਾਂ ਦਰੀਆਂ ਤੇ ਬੈਠਣਗੇ ਅਤੇ ਸਾਰੇ ਸਕੂਲਾਂ ਵਿੱਚ ਬੈਠਣ ਲਈ ਬੈਂਚ ਦਿੱਤੇ ਜਾਣਗੇ।
ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਬੱਸਾਂ ਦਿੱਤੀਆਂ ਜਾਣਗੀਆਂ। ਸਾਰੇ ਸਕੂਲਾਂ ਵਿੱਚ ਕੁੜੀਆਂ-ਮੁੰਡਿਆਂ ਲਈ ਵਧੀਆ ਸਹੂਲਤਾਂ ਨਾਲ ਬਾਥਰੂਮ ਬਣਾਏ ਜਾਣਗੇ। ਸਕੂਲਾਂ ਦੀ ਦੇਖ-ਰੇਖ ਲਈ ਸੇਨੀਟੇਸ਼ਨ ਪਰਸਨ ਨਿਯੁਕਤ ਕੀਤਾ ਜਾਵੇਗਾ, ਚੌਂਕੀਦਾਰ ਅਤੇ ਕੈਂਪਸ ਮੈਨੇਜਰ, ਜਿਸ ਦਾ ਖਰਚ 141 ਕਰੋੜ ਹੈ, ਉਹ ਸਰਕਾਰ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਤਾਂ ਜੋ ਸਕੂਲਾਂ ਨੂੰ ਲਾਵਾਰਿਸ ਨਾ ਛੱਡਿਆ ਜਾਵੇ।
ਉਹਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 66 ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜਿਆ ਜਾਵੇਗਾ ਤੇ ਸਰਕਾਰ ਇਸ ਦਾ ਸਾਰਾ ਖਰਚਾ ਚੁੱਕੇਗੀ। ਸੂਬੇ ਦੇ 117 ਸਕੂਲ ਆਫ਼ ਐਮੀਨੈਂਸ ਬਣਾਏ ਜਾਣਗੇ ਤਾਂ ਜੋ ਸਾਡੇ ਅਧਿਆਪਕ ਉਹਨਾਂ ਨੂੰ ਚੰਗੀ ਸਿੱਖਿਆ ਦੇ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ 22-23 ਹਜ਼ਾਰ ਕੱਚੇ ਅਧਿਆਪਕਾਂ ਨੂੰ ਪੱਕੇ ਕਰਾਂਗੇ।
ਇਸ ਤੋਂ ਇਲਾਵਾ ਜਿਹੜੇ ਮਾਹਰ ਅਧਿਆਪਕ ਹਨ ਉਹਨਾਂ ਦੀ ਉਮਰ ਮਿਆਦ ਵਿੱਚ ਵਾਧਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਦੇ ਸਕੂਲ ਖਾਲੀ ਪਏ ਹਨ, ਇਸ ਲਈ ਅਧਿਆਪਕਾਂ ਦੀ ਬਦਲੀ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਕੀਤੀ ਜਾ ਰਹੀ ਹੈ। ਮਾਨ ਨੇ ਕਿਹਾ ਕਿ 2-4 ਮਹੀਨੇ ਅਧਿਆਪਕਾਂ ਨੂੰ ਪਿੰਡਾਂ ਵਿੱਚ ਜਾ ਕੇ ਕਹਿਣਾ ਪੈਣਾ ਹੈ ਕਿ ਅਸੀਂ ਬੱਚਿਆਂ ਨੂੰ ਚੰਗੀ ਸਿੱਖਿਆ ਦੇਵਾਂਗੇ, ਅਜਿਹਾ ਕਹਿਣ ਨਾਲ ਫਿਰ ਸਰਕਾਰੀ ਸਕੂਲ ਵੀ ਵਧੀਆ ਬਣ ਜਾਣਗੇ।
ਉਹਨਾਂ ਕਿਹਾ ਕਿ ਅਧਿਆਪਕ ਸ਼ਹਿਰਾਂ ਵਿੱਚ ਬਦਲੀ ਕਰਨ ਦੀ ਗੱਲ ਆਖਦੇ ਹਨ ਪਰ ਸ਼ਹਿਰ ਵਿੱਚ ਅਧਿਆਪਕ ਵੱਧ ਹੁੰਦੇ ਹਨ ਤੇ ਬੱਚੇ ਘੱਟ। ਜੇ ਪਿੰਡਾਂ ਦੇ ਸਰਕਾਰੀ ਸਕੂਲ ਦੀ ਗੱਲ ਕਰੀਏ ਤਾਂ ਅਧਿਆਪਕ ਘੱਟ ਹੁੰਦੇ ਹਨ। ਇਸ ਲਈ ਅਧਿਆਪਕ ਜੇ ਪਿੰਡਾਂ ਵਿੱਚ ਕੰਮ ਕਰਨਗੇ ਤਾਂ ਉਹਨਾਂ ਨੂੰ ਵੱਧ ਸਤਿਕਾਰ ਮਿਲੇਗਾ।
ਸਰਕਾਰ ਨੇ ਪਾਲਿਸੀ ਬਣਾਈ ਹੈ ਜਿਵੇਂ ਅਧਿਆਪਕ ਦਾ ਰੁਤਬਾ ਵਧਦਾ ਜਾਵੇਗਾ ਤਾਂ ਉਹਨਾਂ ਦੀ ਬਦਲੀ ਉਹਨਾਂ ਦੇ ਘਰ ਦੇ ਨਜ਼ਦੀਕ ਕੀਤੀ ਜਾਂਦੀ ਰਹੇਗੀ। ਉਹਨਾਂ ਨੇ ਐਸਵਾਈਐਲ ਤੇ ਗੱਲ ਕਰਦਿਆਂ ਕਿਹਾ ਕਿ ਸਾਡੇ ਕੋਲ ਨਾ ਧਰਤੀ ਵਾਲਾ ਪਾਣੀ ਹੈ ਨਾ ਦਰਿਆਵਾਂ ਵਾਲਾ ਹੈ ਤੇ ਅੱਖਾਂ ਵਾਲਾ ਪਾਣੀ ਵੀ ਖ਼ਤਮ ਹੋ ਗਿਆ ਹੈ। ਸਾਡਾ ਸਿਰਫ ਨਾਮ ਹੀ ਪੰਜ-ਆਬ ਹੈ ਪਰ ਸਾਡੇ ਕੋਲ ਪੰਜ ਆਬ ਨਹੀਂ ਹਨ।