CM ਮਾਨ ਦਾ ਵੱਡਾ ਐਲਾਨ, ਰੇਲ ਹਾਦਸੇ ‘ਚ ਮਾਰੇ ਗਏ ਬੱਚਿਆਂ ਦੇ ਪਰਿਵਾਰਾਂ ਨੂੰ ਮਿਲੇਗਾ ਇੱਕ-ਇੱਕ ਲੱਖ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੇਲ ਹਾਦਸੇ ਵਿੱਚ ਮਾਰੇ ਗਏ ਤਿੰਨ ਬੱਚਿਆਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਦੀ ਜਾਣਕਾਰੀ ਐਸਡੀਐਮ ਸ੍ਰੀ ਆਨੰਦਪੁਰ ਸਾਹਿਬ ਨੇ ਦਿੱਤੀ ਹੈ। ਦੱਸ ਦਈਏ ਕਿ ਇੱਕ ਦਰਦਨਾਕ ਰੇਲ ਹਾਦਸੇ ਵਿੱਚ ਗਰੀਬ ਪਰਿਵਾਰਾਂ ਦੇ ਤਿੰਨ ਘਰਾਂ ਦੇ ਬੱਚੇ ਮਾਰੇ ਗਏ।
ਅੱਜ ਇਹਨਾਂ ਬੱਚਿਆਂ ਦਾ ਸ੍ਰੀ ਕੀਰਤਪੁਰ ਸਾਹਿਬ ਦੇ ਪਾਤਾਲਪੂਰੀ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਕੀਤਾ ਗਿਆ ਹੈ। ਇਸ ਸਬੰਧੀ ਪਰਿਵਾਰ ਦਾ ਕਹਿਣਾ ਹੈ ਕਿ ਸਸਕਾਰ ਮੌਕੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਤੇ ਨਾ ਹੀ ਕੋਈ ਆਮ ਆਦਮੀ ਪਾਰਟੀ ਦਾ ਸਥਾਨਕ ਲੀਡਰ ਪਹੁੰਚਿਆ।
ਉਹਨਾਂ ਕਿਹਾ ਕਿ ਹਾਦਸੇ ਵਾਲੀ ਥਾਂ ਤੋਂ ਹਸਪਤਾਲ ਤੱਕ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਪਹੁੰਚਾਉਣ ਲਈ ਤੇ ਵਾਪਸ ਲਿਆਉਣ ਲਈ ਟੈਂਪੂ ਦੇ ਵੀ 2000 ਰੁਪਏ ਉਹਨਾਂ ਨੂੰ ਖੁਦ ਨੂੰ ਹੀ ਦੇਣੇ ਪਏ ਤੇ ਪ੍ਰਸ਼ਾਸਨ ਵੱਲੋਂ ਕੋਈ ਐਂਬੂਲੈਂਸ ਨਹੀਂ ਭੇਜੀ ਗਈ। ਪਰਿਵਾਰ ਨੇ ਕਿਹਾ ਕਿ ਹਾਦਸੇ ਤੋਂ ਕਰੀਬ 8 ਘੰਟੇ ਬਾਅਦ ਪੀੜਤ ਪਰਿਵਾਰਾਂ ਕੋਲ ਪਹੁੰਚੇ ਐਸਡੀਐਮ ਸ੍ਰੀ ਆਨੰਦਪੁਰ ਸਾਹਿਬ ਨੇ ਵੀ ਦੁੱਖ ਸਾਂਝਾ ਕੀਤਾ ਤੇ ਕਿਹਾ ਕਿ ਪਰਿਵਾਰ ਦੀ ਜਿੰਨੀ ਸਹਾਇਤਾ ਹੋ ਸਕਦੀ ਹੈ ਉੰਨੀ ਕਰਾਂਗੇ।
ਝੁੱਗੀਆਂ ਤੋਂ ਬਾਹਰ ਬੱਚਿਆ ਦੀਆਂ ਲਾਸ਼ਾਂ ਦੇਖ ਕੇ ਐਸ ਡੀ ਐਮ ਨੇ ਐਂਬੂਲੈਂਸ ਮੰਗਵਾ ਕੇ ਲਾਸ਼ਾਂ ਨੂੰ ਦੋਬਾਰਾ ਹਸਪਤਾਲ ਪਹੁੰਚਾਇਆ। ਹੁਣ ਪੀੜਿਤ ਪਰਿਵਾਰ ਸਰਕਾਰ ਤੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾ ਰਹੇ ਸਨ ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਰੇਲ ਹਾਦਸੇ ਵਿੱਚ ਮਾਰੇ ਗਏ ਤਿੰਨ ਬੱਚਿਆਂ ਦੇ ਪਰਿਵਾਰਾਂ ਨੂੰ ਇਕ-ਇਕ ਲੱਖ ਰੁਪਏ ਸਹਾਇਤਾ ਦੇਣ ਦਾ ਐਲਾਨ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀ ਰੋਪੜ ਦੇ ਕੀਰਤਪੁਰ ਸਾਹਿਬ ਨੇੜੇ ਲੋਹੰਡ-ਭਰਤਗੜ੍ਹ ਰੇਲ ਪਟੜੀ ‘ਤੇ ਚਾਰ ਬੱਚੇ ਰੇਲਗੱਡੀ ਦੀ ਲਪੇਟ ‘ਚ ਆ ਗਏ। ਇਸ ਦੌਰਾਨ ਤਿੰਨ ਬੱਚਿਆਂ ਦੀ ਮੌਤ ਹੋ ਗਈ।