CM ਭਗਵੰਤ ਮਾਨ ਦੀ ਸੁਰੱਖਿਆ ਨੂੰ ਲੈ ਕੇ ਬਠਿੰਡਾ ਪੁਲਿਸ ਅਲਰਟ, ਗਣਤੰਤਰ ਦਿਵਸ ਸਮਾਗਮ ਲਈ ਸਖ਼ਤ ਪ੍ਰਬੰਧ

ਸੀਐਮ ਮਾਨ ਨੇ ਬਠਿੰਡਾ ਵਿੱਚ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਉਣਾ ਹੈ। ਇਸ ਪ੍ਰੋਗਰਾਮ ਦੇ ਮੱਦੇਨਜ਼ਰ, ਪੁਲਿਸ ਵਿਭਾਗ ਠੋਸ ਸੁਰੱਖਿਆ ਪ੍ਰਬੰਧ ਕਰਨ ਵਿੱਚ ਰੁੱਝ ਗਿਆ ਹੈ। ਦੇਸ਼ ਦੇ 74ਵੇਂ ਗਣਤੰਤਰ ਦਿਵਸ ਮੌਕੇ ਪੰਜਾਬ ਦਾ ਸੂਬਾ ਪੱਧਰੀ ਸਮਾਗਮ ਐਤਕੀਂ ਜਲੰਧਰ ਵਿੱਚ ਹੋਵੇਗਾ। ਇਸ ਦੌਰਾਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ 26 ਜਨਵਰੀ ਨੂੰ ਕੌਮੀ ਝੰਡਾ ਲਹਿਰਾਉਣਗੇ।
ਸੂਬਾਈ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਇਸ ਨੂੰ ਲੈ ਕੇ ਮੰਗਲਵਾਰ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਸੂਬਾ ਪੱਧਰੀ ਸਮਾਗਮ ਦੀ ਫੁੱਲ ਡ੍ਰੈੱਸ ਰਿਹਰਸਲ ਕੀਤੀ ਗਈ, ਜਿਸ ਦੌਰਾਨ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਕੌਮੀ ਝੰਡਾ ਲਹਿਰਾਇਆ। ਉਨ੍ਹਾਂ ਪਰੇਡ ਕਮਾਂਡਰ ਆਈਪੀਐਸ ਅਧਿਕਾਰੀ ਮਨਿੰਦਰ ਸਿੰਘ ਦੀ ਅਗਵਾਈ ਵਾਲੇ ਮਾਰਚ ਪਾਸਟ ਤੋਂ ਸਲਾਮੀ ਲਈ।
ਡਿਪਟੀ ਕਮਿਸ਼ਨਰ ਨੇ ਸੁਰੱਖਿਆ ਬਲਾਂ ਤੇ ਅਧਿਕਾਰੀਆਂ ਨੂੰ ਸੂਬਾਈ ਸਮਾਗਮ ਬਾਰੇ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਉਨ੍ਹਾਂ ਦੱਸਿਆ ਕਿ ਗਣਤੰਤਰ ਦਿਵਸ ਸਬੰਧੀ ਸੂਬਾਈ ਸਮਾਗਮ ਦੌਰਾਨ ਪਰੇਡ ’ਚ ਆਈਟੀਬੀਪੀ, ਆਰਏਐਫ, ਪੀਏਸੀ, ਕਮਿਸ਼ਨਰੇਟ ਪੁਲੀਸ, ਕਮਿਸ਼ਨਰੇਟ ਪੁਲੀਸ ਮਹਿਲਾ ਵਿੰਗ, ਆਰਟੀਸੀ ਪੀਏਪੀ, ਪੰਜਾਬ ਹੋਮ ਗਾਰਡਜ਼ ਦੀਆਂ ਟੁਕੜੀਆਂ, ਐਨਸੀਸੀ ਕੈਡਿਟਸ, ਐਨਸੀਸੀ ਲੜਕੀਆਂ ਤੇ ਸਕਾਊਟਸ ਸ਼ਾਮਲ ਹੋਣਗੇ ਤੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਕੀਤੇ ਸ਼ਲਾਘਾਯੋਗ ਕਾਰਜਾਂ ਦੀ ਪੇਸ਼ਕਾਰੀ ਕਰਦੀਆਂ ਝਾਕੀਆਂ ਕੱਢੀਆਂ ਜਾਣਗੀਆਂ।