CM ਚੰਨੀ ਨੇ ਪ੍ਰੈਸ ਕਾਨਫਰੰਸ ਰਾਹੀਂ ਪੇਂਡੂ ਅਤੇ ਸ਼ਹਿਰੀ ਲੋਕਾਂ ਲਈ ਕੀਤੇ ਵੱਡੇ ਐਲਾਨ

ਪੰਜਾਬ ਕੈਬਨਿਟ ਦੀ ਬੈਠਕ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੈਸ ਕਾਨਫਰੰਸ ਰਾਹੀਂ ਸੰਬੋਧਨ ਕੀਤਾ ਹੈ। ਉਹਨਾਂ ਕਾਨਫਰੰਸ ਦੌਰਾਨ ਵੱਡਾ ਐਲਾਨ ਕਰਦਿਆਂ ਕਿਹਾ ਕਿ, “ਸ਼ਹਿਰਾਂ ਵਿੱਚ ਪਾਣੀ ਦੇ 700 ਕਰੋੜ ਰੁਪਏ ਦੇ ਬਕਾਇਆ ਬਿੱਲ ਨੂੰ ਮੁਆਫ਼ ਕੀਤਾ ਗਿਆ ਹੈ। ਹੁਣ ਸੂਬੇ ਵਿੱਚ ਪਾਣੀ ਦਾ ਬਿੱਲ ਫਿਕਸ ਕਰ ਦਿੱਤਾ ਗਿਆ ਹੈ। ਪਿੰਡਾਂ ਅਤੇ ਸ਼ਹਿਰਾਂ ਵਿੱਚ ਪਾਣੀ ਦਾ ਬਿੱਲ ਹੁਣ 50 ਰੁਪਏ ਫਿਕਸ ਰਹੇਗਾ।”

“ਸ਼ਹਿਰ ਦੇ ਵਾਟਰ ਵਰਕਸ ਦਾ ਬਿੱਲ ਕਮੇਟੀ ਭਰੇਗੀ। ਪੰਚਾਇਤ ਦੇ 1168 ਕਰੋੜ ਦਾ ਬਿਜਲੀ ਦਾ ਬਕਾਇਆ ਬਿੱਲ ਮੁਆਫ਼ ਹੋਏਗਾ। ਉਨ੍ਹਾਂ ਕਿਹਾ ਕਿ ਸਹੀ ਰੇਟਾਂ ‘ਤੇ ਬਿਜਲੀ ਤੇ ਪਾਣੀ ਦੇਣ ਲਈ ਸਰਕਾਰ ਵਚਨਬੱਧ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ, “ਸ਼ਹਿਰ ਦੇ ਵਾਟਰ ਵਰਕਸ ਦਾ ਬਿੱਲ ਹੁਣ ਸਰਕਾਰ ਭਰੇਗੀ। ਟਿਊਬਵੈੱਲਾਂ ਦੇ ਬਿੱਲ ਵੀ ਪੰਜਾਬ ਸਰਕਾਰ ਵੱਲੋਂ ਭਰੇ ਜਾਣਗੇ।”
“ਚੌਥਾ ਦਰਜਾ (D) ਮੁਲਾਜ਼ਮਾਂ ਦੀਆਂ ਵੀ ਰੈਗੂਲਰ ਭਰਤੀਆਂ ਹੋਣੀਆਂ ਅਤੇ ਕਿਸੇ ਨੂੰ ਠੇਕੇ ਤੇ ਭਰਤੀ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਦਾ ਖਜ਼ਾਨਾ ਕਦੇ ਖ਼ਾਲੀ ਨਹੀਂ ਹੁੰਦਾ ਅਤੇ ਨਾ ਹੀ ਹੋਣ ਦਿੱਤਾ ਜਾਵੇਗਾ।” ਇਸ ਦੇ ਨਾਲ ਹੀ ਬੀਐਸਐਫ ਦੇ ਮੁੱਦੇ ਤੇ ਬੋਲਦਿਆਂ ਉਹਨਾਂ ਕਿਹਾ ਕਿ, “ਕੁੱਝ ਦਿਨਾਂ ਵਿੱਚ ਇਸ ਮੁੱਦੇ ਤੇ ਪੰਜਾਬ ਕੈਬਨਿਟ ਦੀ ਦੁਬਾਰਾ ਬੈਠਕ ਬੁਲਾਈ ਜਾਵੇਗੀ।
ਕੇਂਦਰ ਨੂੰ ਸੂਬਾ ਸਰਕਾਰਾਂ ਤੋਂ ਪੁੱਛੇ ਬਿਨਾਂ ਅਜਿਹੇ ਫ਼ੈਸਲੇ ਨਹੀਂ ਲਏ ਜਾਣਗੇ ਚਾਹੀਦੇ।” ਮੁੱਖ ਮੰਤਰੀ ਚੰਨੀ ਨੇ ਕਿਹਾ ਕਿ, “ਜੇ ਪੰਜਾਬ ਪੁਲਿਸ ਅੱਤਵਾਦ ਨੂੰ ਖ਼ਤਮ ਕਰ ਸਕਦੀ ਹੈ ਤਾਂ ਕਿਸੇ ਵੀ ਘਟਨਾ ਨੂੰ ਰੋਕਣ ਦੇ ਸਮਰੱਥ ਹੈ। ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦਾ ਅਸੀਂ ਵਿਰੋਧ ਕਰਦੇ ਹਾਂ। ਜੇ ਲੋੜ ਪਈ ਤਾਂ ਇਸ ਮੁੱਦੇ ਤੇ ਆਲ ਪਾਰਟੀ ਮੀਟਿੰਗ ਵੀ ਸੱਦੀ ਜਾਵੇਗੀ।
ਜੇ ਤਾਂ ਵੀ ਮਸਲਾ ਹੱਲ ਨਾ ਹੋਇਆ ਤਾਂ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਵੀ ਬੁਲਾਇਆ ਜਾ ਸਕਦਾ ਹੈ।” ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ 18 ਨੁਕਾਤੀ ਏਜੰਡੇ ਬਾਰੇ ਉਹਨਾਂ ਕਿਹਾ ਕਿ, “ਜੋ ਵੀ ਏਜੰਡਾ ਹੈ, ਅਸੀਂ ਉਸ ਨੂੰ ਇੰਨ-ਬਿੰਨ ਲਾਗੂ ਕਰ ਰਹੇ ਹਾਂ ਅਤੇ ਕੋਈ ਵੀ ਪੁਆਇੰਟ ਛੱਡਿਆ ਨਹੀਂ ਜਾਵੇਗਾ।”
