CM ਚੰਨੀ ਦਾ ਵੱਡਾ ਬਿਆਨ, ‘ਕਪੂਰਥਲਾ ’ਚ ਨਹੀਂ ਹੋਈ ਬੇਅਦਬੀ, ਇਹ ਸਿਰਫ ਕਤਲ ਕੇਸ ਹੈ’

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੈਸ ਕਾਨਫਰੰਸ ਕਰਕੇ ਕਿਸਾਨਾਂ ਦੇ ਵੱਖ-ਵੱਖ ਮੁੱਦਿਆਂ ਅਤੇ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਉਹਨਾਂ ਨੇ ਪੰਜਾਬ ਦੇ ਹੋਰ ਕਈ ਮੁੱਦਿਆਂ ਤੇ ਗੱਲਬਾਤ ਕੀਤੀ।

ਲੁਧਿਆਣਾ ਬਲਾਸਟ ਤੇ ਉਹਨਾਂ ਕਿਹਾ ਕਿ, ਇਸ ਮਾਮਲੇ ਵਿੱਚ ਉਹਨਾਂ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਹੋਈ ਹੈ। ਉਹਨਾਂ ਦੱਸਿਆ ਕਿ ਸੁਰੱਖਿਆ ਏਜੰਸੀਆਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਪੂਰਥਲਾ ਬੇਅਦਬੀ ਨੂੰ ਲੈ ਕੇ ਕਿਹਾ ਕਿ ਬੇਅਦਬੀ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਅਤੇ ਇਹ ਕਤਲ ਦਾ ਮਾਮਲਾ ਹੈ। ਕਪੂਰਥਲਾ ਵਿੱਚ ਕਤਲ ਦਾ ਕੇਸ ਦਰਜ ਕਰਨ ਜਾ ਰਹੇ ਹਾਂ। ਕਪੂਰਥਲਾ ਵਿੱਚ ਕੋਈ ਬੇਅਦਬੀ ਦੀ ਘਟਨਾ ਨਹੀਂ ਵਾਪਰੀ।
ਕਪੂਰਥਲਾ ਦੇ ਨਿਜਾਮਪੁਰ ਪਿੰਡ ਦੇ ਸ੍ਰੀ ਗੁਰਦੁਆਰਾ ਸਾਹਿਬ ’ਚ ਇਕ ਵਿਅਕਤੀ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸਨੂੰ ਸਿੱਖ ਸੰਗਤ ਵੱਲੋਂ ਕਾਬੂ ਕਰ ਲਿਆ ਗਿਆ। ਕਪੂਰਥਲਾ ਵਿਖੇ ਵਾਪਰੀ ਬੇਅਦਬੀ ਦੀ ਇਸ ਘਟਨਾ ਤੋਂ ਬਾਅਦ ਹੁਣ ਇਥੇ ਵੀ ਮਾਹੌਲ ਤਣਾਅਪੂਰਨ ਹੋ ਗਿਆ ਹੈ। ਗੁੱਸੇ ’ਚ ਆਏ ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਰੋਡ ਜਾਮ ਕਰਕੇ ਧਰਨਾ ਲਗਾ ਦਿੱਤਾ ਹੈ।
ਮੌਕੇ ’ਤੇ ਵੱਡੀ ਗਿਣਤੀ ’ਚ ਪੁਲਸ ਦੀ ਤਾਇਨਾਤੀ ਕੀਤੀ ਗਈ ਹੈ। ਬੇਅਦਬੀ ਦੀ ਕੋਸ਼ਿਸ਼ ’ਚ ਇਕ ਨੌਜਵਾਨ ਦਾ ਸੰਗਤ ਵੱਲੋਂ ਸੋਧਾ ਲਗਾ ਦਿੱਤਾ ਗਿਆ ਸੀ। ਇਹ ਵਾਰਦਾਤ ਤੜਕੇ ਸਵੇਰੇ ਚਾਰ ਵਜੇ ਦੇ ਕਰੀਬ ਵਾਪਰੀ ਸੀ ਅਤੇ ਲੋਕਾਂ ਨੇ ਮੌਕੇ ’ਤੇ ਨੌਜਵਾਨ ਨੂੰ ਫੜ ਕੇ ਪਹਿਲਾਂ ਉਸ ਦਾ ਕੁਟਾਪਾ ਚਾੜਿਆ ਅਤੇ ਫਿਰ ਸੋਧਾ ਲਗਾ ਦਿੱਤਾ ਗਿਆ। ਗੁੱਸੇ ’ਚ ਆਈ ਭੀੜ ਵੱਲੋਂ ਗੁਰਦੁਆਰਾ ਸਾਹਿਬ ਦੇ ਬਾਹਰ ਰੋਡ ਵੀ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ।
