CM ਕੇਜਰੀਵਾਲ ਅੱਜ ਆ ਰਹੇ ਨੇ ਪੰਜਾਬ, ਚੋਣ ਮੁਹਿੰਮ ਨੂੰ ਲੈ ਕੇ ਬਣਾਈ ਜਾ ਸਕਦੀ ਹੈ ਰਣਨੀਤੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੌਰੇ ਤੇ ਹਨ। ਉਹ ਦੋ ਦਿਨ ਪੰਜਾਬ ਵਿੱਚ ਰਹਿਣਗੇ। ਪਾਰਟੀ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅਰਵਿੰਦ ਕੇਜਰੀਵਾਲ ਮੰਗਲਵਾਰ ਨੂੰ ਪੰਜਾਬ ਦੇ ਦੋ ਰੋਜ਼ਾ ਦੌਰੇ ਤੇ ਆ ਰਹੇ ਹਨ।
ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਦੱਸਿਆ ਕਿ ਕੇਜਰੀਵਾਲ ਪੰਜਾਬ ਦੀ ਖੁਸ਼ਹਾਲੀ ਲਈ ਜਲੰਧਰ ਸਥਿਤ ਦੇਵੀ ਤਲਾਬ ਮੰਦਿਰ ਵਿੱਚ ਮੱਥਾ ਟੇਕਣ ਲਈ ਪਹੁੰਚ ਰਹੇ ਹਨ ਜੋ ਦੁਪਹਿਰ ਕਰੀਬ 3 ਵਜੇ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚਣਗੇ।
ਇਸ ਤੋਂ ਬਾਅਦ ਸ਼ਾਮ 6 ਵਜੇ ਜਲੰਧਰ ਦੇ ਦੇਵੀ ਤਾਲਾਬ ਮੰਦਿਰ ਜਾਣਗੇ। ਇਸ ਦੌਰਾਨ ਜਲੰਧਰ ਦੇ ਵਪਾਰੀਆਂ ਤੇ ਪਾਰਟੀ ਦੇ ਸਿਆਸੀ ਆਗੂਆਂ ਨਾਲ ਬੈਠਕ ਕਰਨਗੇ ਜਿਸ ਨਾਲ ਪੰਜਾਬ ਵਿਧਾਨ ਸਭਾ ਚੋਣਾਂ ਸੰਬੰਧੀ ਭਵਿੱਖ ਦੀ ਰਣਨੀਤੀ ਤਿਆਰ ਕੀਤੀ ਜਾ ਸਕੇ।
ਇਸ ਦੇ ਨਾਲ ਹੀ ਉਹ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੇਖਵਾਂ ਵੀ ਜਾਣਗੇ। ਸਾਬਕਾ ਮੰਤਰੀ ਜੱਥੇਦਾਰ ਸੇਵਾ ਸਿੰਘ ਸੇਖਵਾਂ ਦੇ ਅਕਾਲ ਚਲਾਣਾ ਕਰ ਜਾਣ ਤੇ ਉਹ ਉਹਨਾਂ ਦੇ ਗ੍ਰਹਿ ਨਿਵਾਸ ਸਥਾਨ ਤੇ ਦੁੱਖ ਵੰਡਾਉਣਗੇ। ਇਸ ਸਮੇਂ ਸਭ ਦੀਆਂ ਨਜ਼ਰਾਂ ਇਸ ਗੱਲ ਤੇ ਨੇ ਕਿ ਕੇਜਰੀਵਾਲ ਪੰਜਾਬ ਵਿੱਚ ਮੁੱਖ ਮੰਤਰੀ ਦਾ ਚਿਹਰਾ ਕਿਸ ਨੂੰ ਬਣਾਉਂਦੇ ਹਨ।
