BJP ਲੀਡਰਾਂ ‘ਤੇ ਹਮਲਿਆਂ ਨੂੰ ਲੈ ਕੇ ਰਾਜਪਾਲ ਦੀ ਵੱਡੀ ਕਾਰਵਾਈ, ਪੰਜਾਬ ਸਰਕਾਰ ਤੋਂ ਰਿਪੋਰਟ ਤਲਬ

ਪੰਜਾਬ ਵਿੱਚ ਕਿਸਾਨਾਂ ਵੱਲੋਂ ਭਾਜਪਾ ਲੀਡਰਾਂ ਦੇ ਲਗਾਤਾਰ ਘਿਰਾਓ ਦੌਰਾਨ ਹਮਲਿਆਂ ਬਾਰੇ ਗਵਰਨਰ ਵੀਪੀ ਸਿੰਘ ਬਦਨੌਰ ਨੇ ਸਖ਼ਤ ਨੋਟਿਸ ਲਿਆ ਹੈ। ਰਾਜਪਾਲ ਨੇ ਪੰਜਾਬ ਸਰਕਾਰ ਤੋਂ ਰਿਪੋਰਟ ਤਲਬ ਕਰ ਲਈ ਹੈ। ਰਾਜਪਾਲ ਭਵਨ ਵੱਲੋਂ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਭਾਜਪਾ ਲੀਡਰਾਂ ਤੇ ਵਰਕਰਾਂ ਤੇ ਹੋਏ ਹਰ ਹਮਲੇ ਦੀ ਕੇਸ ਮੁਤਾਬਕ ਕਾਰਵਾਈ ਰਿਪੋਰਟ ਦਿੱਤੀ ਜਾਵੇ।
ਭਾਜਪਾ ਦੇ ਵਫ਼ਦ ਨੇ 5 ਜੁਲਾਈ ਨੂੰ ਰਾਜਪਾਲ ਨਾਲ ਮੁਲਾਕਾਤ ਕਰ ਕੇ ਹਮਲਿਆਂ ਦੀ ਗੱਲ ਰੱਖਦਿਆਂ ਸੁਰੱਖਿਆ ਸਬੰਧੀ ਮੰਗ ਪੱਤਰ ਸੌਂਪਿਆ ਸੀ। ਰਾਜਪਾਲ ਨੇ ਕਿਹਾ ਕਿ ਪੰਜਾਬ ਪੁਲਿਸ ਇਹਨਾਂ ਘਟਨਾਵਾਂ ਵਿੱਚ ਸਹਿਯੋਗ ਨਹੀਂ ਕਰ ਰਹੀ। ਰਾਜਪਾਲ ਨੇ ਪੰਜਾਬ ਸਰਕਾਰ ਨੂੰ ਇਹ ਗੱਲ ਯਕੀਨੀ ਬਣਾਉਣ ਲਈ ਕਿਹਾ ਕਿ ਭਵਿੱਖ ਵਿੱਚ ਅਜਿਹਾ ਨਾ ਵਾਪਰੇ।
ਰਾਜਪਾਲ ਭਵਨ ਨੇ ਪੰਜਾਬ ਸਰਕਾਰ ਤੋਂ ਹਰ ਘਟਨਾ ਦੀ ਵੱਖ ਵੱਖ ਰਿਪੋਰਟ ਮੰਗੀ ਹੈ। ਰਾਜਪਾਲ ਨੂੰ ਪਹਿਲਾਂ ਵੀ ਅਪ੍ਰੈਲ ਮਹੀਨੇ ਵਿੱਚ ਭਾਜਪਾ ਆਗੂਆਂ ਦਾ ਵਫ਼ਦ ਮਿਲਿਆ ਸੀ, ਉਦੋਂ ਵੀ ਗਵਰਨਰ ਨੇ 2 ਅਪ੍ਰੈਲ, 2021 ਨੂੰ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ ਨੇ ਵੀ ਡੀਜੀਪੀ ਪੰਜਾਬ ਨੂੰ ਭਾਜਪਾ ਆਗੂਆਂ ਦੀ ਸੁਰੱਖਿਆ ਨੂੰ ਲੈ ਕੇ ਹਦਾਇਤਾਂ ਜਾਰੀ ਕੀਤੀਆਂ ਹਨ।
ਦੱਸ ਦਈਏ ਕਿ ਜਦੋਂ ਤੋਂ ਕੇਂਦਰ ਸਰਕਾਰ ਨੇ ਖੇਤੀਬਾੜੀ ਕਾਨੂੰਨ ਬਣਾਏ ਹਨ ਪੰਜਾਬ ਵਿੱਚ ਦੇ ਨਾਲ ਨਾਲ ਭਾਜਪਾ ਲੀਡਰਾਂ ਲਈ ਮੁਸੀਬਤਾਂ ਵਧ ਗਈਆਂ ਹਨ। ਪਿੰਡਾਂ ਅਤੇ ਸ਼ਹਿਰਾਂ ਵਿੱਚ ਭਾਜਪਾ ਲੀਡਰਾਂ ਦੀ ਐਂਟਰੀ ਬੈਨ ਕਰ ਦਿੱਤੀ ਗਈ ਹੈ।
