ATM ’ਚ ਪੈਸੇ ਨਾ ਹੋਣ ’ਤੇ ਬੈਂਕ ਨੂੰ ਲੱਗੇਗਾ 10 ਹਜ਼ਾਰ ਰੁਪਏ ਦਾ ਜ਼ੁਰਮਾਨਾ

ਹੁਣ ਬੈਂਕ ਉਪਭੋਗਤਾ ਨੂੰ ਪੈਸੇ ਕਢਵਾਉਣ ਲਈ ਭਟਕਣਾ ਨਹੀਂ ਪਵੇਗਾ ਅਤੇ ਨਾ ਹੀ ਏਟੀਐਮ ਤੋਂ ਖਾਲ੍ਹੀ ਹੱਥ ਮੁੜਨਾ ਪਵੇਗਾ। ਆਰਬੀਆਈ ਨੇ ਬੈਂਕਿੰਗ ਦੇ ਨਿਯਮ ਸਖ਼ਤ ਕਰਨ ਦੇ ਨਾਲ-ਨਾਲ ਬੈਂਕ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਆਰਬੀਆਈ ਨੇ ਫ਼ੈਸਲਾ ਲਿਆ ਹੈ ਕਿ ਜੇ ਏਟੀਐਮ ਵਿੱਚ ਪੈਸੇ ਨਹੀਂ ਹੋਣਗੇ ਤਾਂ ਸਬੰਧਿਤ ਬੈਂਕ ’ਤੇ 10 ਹਜ਼ਾਰ ਰੁਪਏ ਦਾ ਜ਼ੁਰਮਾਨਾ ਲੱਗੇਗਾ। 1 ਅਕਤੂਬਰ ਤੋਂ ਇਹ ਯੋਜਨਾ ਲਾਗੂ ਹੋਵੇਗੀ।

ਇਸ ਤਹਿਤ ਇਕ ਏਟੀਐਮ ਵਿੱਚ ਇਕ ਮਹੀਨੇ ਵਿੱਚ ਜ਼ਿਆਦਾ ਤੋਂ ਜ਼ਿਆਦਾ 10 ਘੰਟੇ ਤੱਕ ਨਕਦੀ ਦੀ ਕਮੀ ਹੋ ਸਕਦੀ ਹੈ। ਜੇ ਬੈਂਕ ਨੇ ਜ਼ੁਰਮਾਨੇ ਤੋਂ ਬਚਣਾ ਹੈ ਤਾਂ ਏਟੀਐਮ ਵਿੱਚ ਬੈਂਕ ਨੂੰ ਪੈਸੇ ਰੱਖਣੇ ਪੈਣਗੇ। ਕੋਰੋਨਾ ਵਾਇਰਸ ਕਾਰਨ ਬੈਂਕਿੰਗ ਸੇਵਾ ਲੋਕਾਂ ਲਈ ਮੁਸੀਬਤ ਬਣ ਗਈ ਹੈ। ਇਸ ਦੌਰਾਨ ਜਿੱਥੇ ਕਈ ਏਟੀਐਮ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਸਨ ਉੱਥੇ ਹੀ ਜ਼ਿਆਦਾਤਰ ਏਟੀਐਮ ਵਿੱਚ ਅਕਸਰ ਪੈਸਾ ਨਹੀਂ ਹੁੰਦਾ।
ਲੋਕਾਂ ਨੂੰ ਪੈਸੇ ਕਢਵਾਉਣ ਲਈ ਲੰਬੀਆਂ ਕਤਾਰਾਂ ਵਿੱਚ ਲੱਗਣਾ ਪੈਂਦਾ ਹੈ। ਪਰ ਹੁਣ ਅਕਤੂਬਰ ਮਹੀਨੇ ਤੋਂ ਬਾਅਦ ਇਹਨਾਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ। 1 ਅਕਤੂਬਰ ਤੋਂ ਬਾਅਦ ਜੇ ਏਟੀਐਮ ਵਿੱਚ ਨਕਦੀ ਦੀ ਕਮੀ ਹੁੰਦੀ ਹੈ ਤਾਂ ਸਬੰਧਿਤ ਬੈਂਕ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਏਟੀਐਮ ਵਿੱਚ ਨਕਦੀ ਦੀ ਕਮੀ ਹੋਣ ’ਤੇ ਪ੍ਰਤੀ ਏਟੀਐਮ ਨੂੰ 10,000 ਰੁਪਏ ਦਾ ਜ਼ੁਰਮਾਨਾ ਦੇਣਾ ਪਵੇਗਾ।
