70 ਸਾਲਾ ਬਜ਼ੁਰਗ ਦਾ ਮੂੰਹ ਕਾਲਾ ਕਰ ਗਲੀਆਂ ‘ਚ ਘੁੰਮਾਇਆ

ਲੁਧਿਆਣਾ ਦੇ ਹੈਬੋਵਾਲ ਸਥਿਤ ਗੋਪਾਲ ਨਗਰ ਤੋਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਥੇ ਇੱਕ 70 ਸਾਲਾ ਬਜ਼ੁਰਗ ਨੂੰ ਜੁੱਤੀਆਂ-ਚੱਪਲਾਂ ਦਾ ਹਾਰ ਪਾ ਕੇ ਗਲੀਆਂ ਵਿੱਚ ਘੁੰਮਾਇਆ ਗਿਆ। ਬਜ਼ੁਰਗ ਵਿਅਕਤੀ ‘ਤੇ ਇੱਕ 100 ਸਾਲਾ ਬਜ਼ੁਰਗ ਮਹਿਲਾ ਨਾਲ ਛੇੜਛਾੜ ਦਾ ਇਲਜ਼ਾਮ ਲਾਇਆ ਗਿਆ।

ਬਜ਼ੁਰਗ ਔਰਤ ਇਸ ਵਿਅਕਤੀ ਦੀ ਸਾਲੇਹਾਰ ਦੱਸੀ ਜਾ ਰਹੀ ਹੈ, ਛੇੜਛਾੜ ਦੇ ਇਲਜ਼ਾਮਾਂ ਤੋਂ ਬਾਅਦ ਔਰਤ ਦੇ ਪਰਿਵਾਰ ਵੱਲੋਂ 70 ਸਾਲਾ ਬਜ਼ੁਰਗ ਵਿਅਕਤੀ ਦੀ ਨਾ ਸਿਰਫ ਕੁੱਟਮਾਰ ਕੀਤੀ ਗਈ ਸਗੋਂ ਉਸ ਦਾ ਮੂੰਹ ਕਾਲਾ ਕਰ, ਜੁੱਤੀਆਂ-ਚੱਪਲਾਂ ਦਾ ਹਾਰ ਪਾ ਅੱਧ ਨੰਗਾ ਕਰ ਕੇ ਗਲੀ ‘ਚ ਘੁੰਮਾਇਆ ਗਿਆ।
ਸਥਾਨਕ ਲੋਕਾਂ ਨੇ ਇਸ ਦੀ ਵੀਡੀਓ ਵੀ ਬਣਾਈ ਹੈ। ਉਧਰ ਮਾਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਮੁਤਾਬਕ ਘਟਨਾ 4-5 ਦਿਨ ਪੁਰਾਣੀ ਹੈ ਅਤੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਬਜ਼ੁਰਗ ਦੀ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਅਸਲ ਵਿੱਚ ਮਿਲੀ ਜਾਣਕਾਰੀ ਮੁਤਾਬਕ ਘਟਨਾ ਉਸ ਸਮੇਂ ਵਾਪਰੀ ਜਦੋਂ ਪੀੜਤ ਬਜ਼ੁਰਗ ਨਸ਼ੇ ਦੀ ਹਾਲਤ ਵਿੱਚ ਕਿਸੇ ਸਮਾਗਮ ਤੋਂ ਘਰ ਵਾਪਸ ਜਾ ਰਿਹਾ ਸੀ ਅਤੇ ਉਹ ਘਰ ਜਾਣ ਦੀ ਬਜਾਇ ਰਸਤੇ ਚ ਆਉਂਦੇ ਆਪਣੇ ਸਾਲੇਹਾਰ ਦੇ ਘਰ ਪਹੁੰਚ ਗਿਆ ਤੇ ਨਸ਼ੇ ਦੀ ਹਾਲਤ 100 ਸਾਲਾ ਆਪਣੀ ਸਾਲੇਹਾਰ ਦੇ ਉੱਪਰ ਡਿੱਗ ਗਿਆ ਜਿਸ ਨੂੰ ਦੇਖ ਬਜ਼ੁਰਗ ਮਹਿਲਾ ਦਾ ਪਰਿਵਾਰ ਗੁੱਸੇ ਵਿੱਚ ਆ ਗਿਆ ਅਤੇ ਬਜ਼ੁਰਗ ਦਾ ਮੂੰਹ ਕਾਲਾ ਕਰਕੇ ਉਸਨੂੰ ਗਲੀ ਵਿੱਚ ਘੁੰਮਾਇਆ ਗਿਆ।
