50 ਫ਼ੀਸਦੀ ਲੋਕ ਮਾਸਕ ਪਾਉਣ ਤੋਂ ਇਨਕਾਰੀ, ਸਰਵੇਖਣ ’ਚ ਹੋਇਆ ਖੁਲਾਸਾ

ਕੋਰੋਨਾ ਵਾਇਰਸ ਦਾ ਖੌਫ ਮੁੜ ਤੋਂ ਵਧਦਾ ਜਾ ਰਿਹਾ ਹੈ। ਇਸ ਦਾ ਮੁੱਖ ਕਾਰਨ ਲਾਪਰਵਾਹੀ ਮੰਨਿਆ ਜਾ ਰਿਹਾ ਹੈ। ਦੇਸ਼ ਦੇ 90 ਫ਼ੀਸਦੀ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਤਾਂ ਹੈ ਕਿ ਇਸ ਮਹਾਂਮਾਰੀ ਤੋਂ ਬਚਣ ਲਈ ਮਾਸਕ ਜ਼ਰੂਰੀ ਹੈ ਪਰ ਕੇਵਲ 44 ਫ਼ੀਸਦੀ ਲੋਕ ਹੀ ਇਸ ਨੂੰ ਪਹਿਨਦੇ ਹਨ। ਦੇਸ਼ ਦੇ 50 ਫ਼ੀਸਦੀ ਲੋਕ ਮਾਸਕ ਪਹਿਨਦੇ ਹੀ ਨਹੀਂ। ਕੇਂਦਰ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਕੀਤੇ ਗਏ ਸਰਵੇ ਤੋਂ ਇਹ ਜਾਣਕਾਰੀ ਮਿਲੀ ਹੈ।

ਵਿਭਾਗ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਲੋਕ ਕੋਰੋਨਾ ਵਿਰੁੱਧ ਸੁਰੱਖਿਆ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਖਾਸ ਕਰ ਕੇ ਮਾਸਕ ਪਹਿਨਣ ’ਤੇ ਭੀੜ-ਭੜੱਕੇ ਤੋਂ ਬਚਣ ਦੇ ਨਿਯਮ ਦੀ ਪਾਲਣਾ ਨਹੀਂ ਕਰ ਰਹੇ। ਕੇਂਦਰ ਸਰਕਾਰ ਨੇ ਸੂਬਿਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ 46 ਜ਼ਿਲ੍ਹਿਆਂ ਵਿੱਚ ਕੋਰੋਨਾ ਦੀ ਵਧਦੀ ਦਰ ਤੇ ਪ੍ਰਭਾਵੀ ਰੋਕ ਲਾਉਣ ’ਤੇ ਸੰਪਰਕ ਵਿੱਚ ਆਏ ਲੋਕਾਂ ਦੀ ਭਾਲ ਕਰ ਕੇ ਘੱਟੋ-ਘੱਟ 14 ਦਿਨਾਂ ਤੱਕ ਸਖ਼ਤ ਕਾਰਵਾਈ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਤਾਂ ਜੋ ਵਾਇਰਸ ਤੋਂ ਬਚਿਆ ਜਾ ਸਕੇ।
ਦਸ ਦਈਏ ਕਿ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਦੀ ਪ੍ਰਧਾਨਗੀ ਹੇਠ 12 ਰਾਜਾਂ-ਮਹਾਰਾਸ਼ਟਰ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਗੁਜਰਾਤ, ਹਰਿਆਦਾ, ਤਾਮਿਲ ਨਾਡੂ, ਛੱਤੀਸਗੜ੍ਹ, ਦਿੱਲੀ, ਜੰਮੂ-ਕਸ਼ਮੀਰ, ਕਰਨਾਟਕ, ਪੰਜਾਬ ਤੇ ਬਿਹਾਰ ਦੇ ਅਧਿਕਾਰੀਆਂ ਤੇ ਮਿਊਂਸਪਲ ਕਮਿਸ਼ਨਰਾਂ ਸਮੇਤ ਕੋਰੋਨਾ ਤੋਂ ਸੱਭ ਤੋਂ ਵੱਧ ਪ੍ਰਭਾਵਿਤ 46 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਵੀ ਸ਼ਾਮਲ ਸਨ।
ਉੱਥੇ ਹੀ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਸਖ਼ਤਾਈ ਹੋਰ ਵਧਾ ਦਿੱਤੀ ਗਈ ਹੈ ਤੇ ਨਾਲ ਹੀ ਕਈ ਜ਼ਿਲ੍ਹਿਆਂ ਵਿੱਚ ਨਾਈਟ ਕਰਫਿਊ ਵੀ ਲਗਾ ਦਿੱਤਾ ਗਿਆ ਹੈ। ਇਹ ਕਰਫਿਊ ਰਾਤ 9 ਵਜੇ ਤੋਂ ਸਵੇਰੇ 5 ਵਜੇ ਤਕ ਜਾਰੀ ਰਹੇਗਾ।
