31 ਮਈ ਤੱਕ ਹੋਵੇਗੀ ਕਣਕ ਦੀ ਖਰੀਦ, ਰੇਟਾਂ ’ਤੇ ਵੀ ਪਵੇਗਾ ਅਸਰ

ਪੰਜਾਬ ਸਰਕਾਰ ਸੂਬੇ ਦੀਆਂ 232 ਮੰਡੀਆਂ ਵਿੱਚ ਕਣਕ ਦੀ ਖਰੀਦ 31 ਮਈ ਤੱਕ ਕਰੇਗੀ। ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ 232 ਮੰਡੀਆਂ ਵਿੱਚ ਕਣਕ ਦੀ ਖਰੀਦ ਦਾ ਕਾਰਜ 31 ਮਈ ਤੱਕ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਕਣਕ ਦੀ ਬਰਾਮਦ ਤੇ ਰੋਕ ਦੇ ਨਤੀਜੇ ਵਜੋਂ ਘਰੇਲੂ ਮੰਡੀ ਵਿੱਚ ਕਣਕ ਦੀਆਂ ਕੀਮਤਾਂ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ।

ਕੁਝ ਕਿਸਾਨਾਂ ਜਿਹਨਾਂ ਬਾਅਦ ਵਿੱਚ ਚੰਗੇ ਭਾਅ ਮਿਲਣ ਦੀ ਉਮੀਦ ਵਿੱਚ ਕਣਕ ਦੀ ਫ਼ਸਲ ਭੰਡਾਰ ਕੀਤੀ ਸੀ, ਨੂੰ ਸ਼ਾਇਦ ਹੁਣ ਮੁੜ ਸੋਚ-ਵਿਚਾਰ ਕੇ ਆਪਣੀ ਫ਼ਸਲ ਵੇਚਣੀ ਪਵੇ। ਉਹਨਾਂ ਕਿਹਾ ਕਿ ਸੂਬਾ ਸਰਕਾਰ ਨੇ ਮੌਜੂਦਾ ਹਾੜ੍ਹੀ ਸੀਜ਼ਨ ਦੌਰਾਨ ਸੂਬੇ ਵਿੱਚ 2292 ਮੰਡੀਆਂ ਨੂੰ ਚਾਲੂ ਕੀਤਾ ਸੀ, ਪਰ ਸੂਬੇ ਦੇ ਕੁਝ ਹਿੱਸਿਆਂ ਵਿੱਚ ਕਣਕ ਦੀ ਆਮਦ ਵਿੱਚ ਆਈ ਭਾਰੀ ਕਮੀ ਦੇ ਮੱਦੇਨਜ਼ਰ ਹਾਲ ਹੀ ਦੇ ਦਿਨਾਂ ਵਿੱਚ 2060 ਮੰਡੀਆਂ ਨੂੰ ਯੋਜਨਾਬੱਧ ਤੇ ਪੜਾਅ ਵਾਰ ਤਰੀਕੇ ਨਾਲ ਬੰਦ ਕਰ ਦਿੱਤਾ ਗਿਆ।
ਇਸ ਸਮੇਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ 232 ਮੰਡੀਆਂ ਚਾਲੂ ਹਨ। ਉਹਨਾਂ ਅੱਗੇ ਕਿਹਾ ਕਿ ਖਰੀਦ ਬੰਦ ਕਰਨ ਦੀ ਅਧਿਸੂਚਿਤ ਤਰੀਕ 31 ਮਈ ਸੀ, ਪਰ ਕਣਕ ਦੀ ਆਮਦ ਦੀ ਮੱਠੀ ਰਫ਼ਤਾਰ ਨੂੰ ਦੇਖਦੇ ਹੋਏ 12 ਮਈ ਨੂੰ ਭਾਰਤ ਸਰਕਾਰ ਦੇ ਖੁਰਾਕ ਤੇ ਜਨਤਕ ਵੰਡ ਮੰਤਰਾਲੇ ਨੂੰ ਬੇਨਤੀ ਕੀਤੀ ਸੀ ਕਿ ਮੰਡੀਆਂ ਨੂੰ ਸਮੇਂ ਤੋਂ ਪਹਿਲਾਂ 17 ਮਈ ਤੋਂ ਬੰਦ ਕਰਨ ਦੀ ਇਜਾਜ਼ਤ ਦਿੱਤੀ ਜਾਵੇ।
