30 ਸਾਲਾਂ ਬਾਅਦ ਮਿਲਿਆ ਇਨਸਾਫ਼! 3 ਸਿੱਖਾਂ ਨੂੰ ਝੂਠੇ ਮੁਕਾਬਲੇ ’ਚ ਮਾਰਨ ਵਾਲੇ ਦੋ ਪੁਲਿਸ ਅਫ਼ਸਰਾਂ ਨੂੰ ਹੋਈ ਉਮਰ ਕੈਦ

 30 ਸਾਲਾਂ ਬਾਅਦ ਮਿਲਿਆ ਇਨਸਾਫ਼! 3 ਸਿੱਖਾਂ ਨੂੰ ਝੂਠੇ ਮੁਕਾਬਲੇ ’ਚ ਮਾਰਨ ਵਾਲੇ ਦੋ ਪੁਲਿਸ ਅਫ਼ਸਰਾਂ ਨੂੰ ਹੋਈ ਉਮਰ ਕੈਦ

ਝੂਠੇ ਕੇਸ ਮੁਕਾਬਲੇ ਵਿੱਚ ਤਿੰਨ ਨੌਜਵਾਨਾਂ ਨੂੰ ਕਤਲ ਕਰਨ ਦੇ ਮਾਮਲੇ ਵਿੱਚ 30 ਸਾਲ ਬਾਅਦ ਇਨਸਾਫ਼ ਮਿਲਿਆ ਹੈ। ਪੁਲਿਸ ਵੱਲੋਂ 3 ਸਿੱਖ ਨੌਜਵਾਨਾਂ ਨੂੰ ਅੱਤਵਾਦੀ ਕਹਿ ਕੇ ਮਾਰ ਦਿੱਤਾ ਗਿਆ ਸੀ। ਗੁਰਦਾਸਪੁਰ ਦੇ ਵਧੀਕ ਸੈਸ਼ਨ ਜੱਜ ਪਰਮਿੰਦਰ ਸਿੰਘ ਰਾਏ ਦੀ ਅਦਲਾਤ ਨੇ ਝੂਠਾ ਮੁਕਾਬਲਾ ਕਰਨ ਵਾਲੇ ਦੋ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ ਤੇ 5-5 ਲੱਖ ਰੁਪਏ ਦਾ ਜ਼ੁਰਮਾਨ ਲਾਇਆ ਗਿਆ ਹੈ।

ਮੁਲਾਜ਼ਮਾਂ ਵਿੱਚ ਡੇਰਾ ਬਾਬਾ ਨਾਨਕ ਦੇ ਤਤਕਾਲੀ ਸਹਾਇਕ ਸਬ-ਇੰਸਪੈਕਟਰ ਚੰਨਣ ਸਿੰਘ ਅਤੇ ਸਹਾਇਕ ਸਬ-ਇੰਸਪੈਕਟਰ ਤਰਲੋਕ ਸਿੰਘ ਦੇ ਨਾਂ ਸ਼ਾਮਲ ਹਨ। ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਲਖਬੀਰ ਕੌਰ ਵਿਧਵਾ ਹਰਜੀਤ ਸਿੰਘ ਵਾਸੀ ਪਿੰਡ ਅਲਾਵਲਪੁਰ ਕਲਾਨੌਰ ਨੇ ਅਦਾਲਤ ਵਿੱਚ ਇਸਤਗਾਸਾ ਦਾਇਰ ਕੀਤਾ ਸੀ, ਜਿਸ ਦੇ ਆਧਾਰ ਤੇ ਮੁਲਜ਼ਮਾਂ ਖਿਲਾਫ਼ ਧਾਰਾ 302, 364 ਤਹਿਤ ਦੋਸ਼ ਆਇਦ ਹੋਏ ਹਨ।

ਸ਼ਿਕਾਇਤਕਰਤਾ ਨੇ ਦੱਸਿਆ ਕਿ 21 ਮਾਰਚ 1993 ਨੂੰ ਦੁਪਹਿਰ ਸਮੇਂ ਉਹ ਆਪਣੇ ਪੁੱਤਰ ਨਾਲ ਬੱਸ ਵਿੱਚ ਪਿੰਡ ਭੋਮਾ ਤੋਂ ਵਾਪਸ ਆ ਰਹੀ ਸੀ। ਬੱਸ ਵਿੱਚ ਉਹਨਾਂ ਦੇ ਜਾਣਕਾਰ ਵਿਰਸਾ ਸਿੰਘ, ਉਸ ਦੀ ਪਤਨੀ ਸੁਖਵਿੰਦਰ ਕੌਰ ਤੇ ਪੁੱਤਰ ਲਾਟੂ ਵੀ ਸਫ਼ਰ ਕਰ ਰਹੇ ਸਨ। ਜਦੋਂ ਬੱਸ ਤਲਵੰਡੀ ਰਾਮਾ ਦੇ ਬੱਸ ਅੱਡੇ ਤੇ ਰੁਕੀ ਤਾਂ ਅਚਾਨਕ ਥਾਣਾ ਡੇਰਾ ਬਾਬਾ ਨਾਨਕ ਦੇ ਥਾਣਾ ਮੁਖੀ ਬਲਦੇਵ ਸਿੰਘ, ਕਾਂਸਟੇਬਲ ਚੰਨਣ ਸਿੰਘ, ਕਾਂਸਟੇਬਲ ਨਿਰਮਲ ਸਿੰਘ ਤੇ ਕੁਝ ਹੋਰ ਪੁਲਿਸ ਮੁਲਾਜ਼ਮ ਬੱਸ ਵਿੱਚ ਚੜ੍ਹ ਗਏ।

ਉਹਨਾਂ ਨੇ ਜ਼ਬਰਦਸਤੀ ਉਸ ਦੇ ਪੁੱਤਰ ਬਲਵਿੰਦਰ ਸਿੰਘ ਤੇ ਨਾਲ ਸਫ਼ਰ ਕਰ ਰਹੇ ਨੌਜਵਾਨ ਬਲਜਿੰਦਰ ਸਿੰਘ ਉਰਫ ਲਾਟੂ ਬੱਸ ਵਿੱਚੋਂ ਉਤਾਰ ਲਿਆ। ਨੌਜਵਾਨਾਂ ਨੂੰ ਫੜਨ ਦਾ ਕਾਰਨ ਪੁੱਛਣ ਤੇ ਉਹਨਾਂ ਕਿਹਾ ਕਿ ਇਹ ਨੌਜਵਾਨ ਅੱਤਵਾਦੀ ਹਨ। ਪੁਲਿਸ ਉਹਨਾਂ ਨੂੰ ਡੇਰਾ ਬਾਬਾ ਨਾਨਕ ਥਾਣੇ ਵਿੱਚ ਲੈ ਗਈ। ਪਰਿਵਾਰ ਤੇ ਪਿੰਡ ਵਾਲੇ ਥਾਣਾ ਡੇਰਾ ਬਾਬਾ ਨਾਨਕ ਗਏ ਤੇ ਨੌਜਵਾਨਾਂ ਨੂੰ ਬੇਕਸੂਰ ਦੱਸਦਿਆਂ ਰਿਹਾਅ ਕਰਨ ਦੀ ਮੰਗ ਕੀਤੀ ਪਰ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਗਈ।

ਇਸ ਤੋਂ ਬਾਅਦ 23 ਮਾਰਚ 1993 ਪੁਲਿਸ ਉਹਨਾਂ ਨੂੰ ਜ਼ਬਰੀ ਗੱਡੀ ਵਿੱਚ ਬਿਠਾ ਕੇ ਪਿੰਡ ਕਠਿਆਲੀ ਵੱਲ ਲੈ ਗਈ, ਜਦਕਿ ਨੌਜਵਾਨ ਰੌਲਾ ਪਾ ਰਹੇ ਸਨ ਕਿ ਪੁਲਿਸ ਉਹਨਾਂ ਨੂੰ ਮਾਰ ਦੇਵੇਗੀ। ਇਸ ਤੋਂ ਬਾਅਦ ਕਠਿਆਲੀ ਵਾਸੀਆਂ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਸ਼ਿਕਾਇਤਕਰਤਾ ਲਖਬੀਰ ਕੌਰ ਨੇ ਦੱਸਿਆ ਕਿ ਪੁਲਿਸ ਨੇ ਉਹਨਾਂ ਨੂੰ ਪੁੱਤਰ ਦੀ ਲਾਸ਼ ਵੀ ਨਹੀਂ ਦਿੱਤੀ ਤੇ ਖੁਦ ਹੀ ਸਸਕਾਰ ਕਰ ਦਿੱਤਾ।

Leave a Reply

Your email address will not be published.