ਕੈਂਸਰ ਹਸਪਤਾਲ ਦੇ ਉਦਘਾਟਨ ਮਗਰੋਂ ਹਰਸਿਮਰਤ ਬਾਦਲ ਨੇ ਲਿਖੀ ਕੇਂਦਰੀ ਮੰਤਰੀ ਨੂੰ ਚਿੱਠੀ

 ਕੈਂਸਰ ਹਸਪਤਾਲ ਦੇ ਉਦਘਾਟਨ ਮਗਰੋਂ ਹਰਸਿਮਰਤ ਬਾਦਲ ਨੇ ਲਿਖੀ ਕੇਂਦਰੀ ਮੰਤਰੀ ਨੂੰ ਚਿੱਠੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੁੱਧਵਾਰ ਨੂੰ ਮੋਹਾਲੀ ਵਿੱਚ ਕੈਂਸਰ ਹਸਪਤਾਲ ਦਾ ਉਦਘਾਟਨ ਕੀਤਾ ਸੀ। ਇਸ ਤੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੂੰ ਅਪੀਲ ਕੀਤੀ ਕਿ ਏਮਸ ਬਠਿੰਡਾ ਵਿੱਚ ਡਾਕਟਰਾਂ ਦੇ ਰਹਿਣ ਲਈ ਢੁੱਕਵੀਂ ਥਾਂ ਦੀ ਉਸਾਰੀ ਕੀਤੀ ਜਾਵੇ।

ਉਹਨਾਂ ਕਿਹਾ ਕਿ ਰਹਿਣ ਦੀ ਸਹੂਲਤ ਨਾ ਹੋਣ ਕਾਰਨ ਇੰਸਟੀਚਿਊਟ ਵਿੱਚ ਮੈਡੀਕਲ ਪ੍ਰੋਫੈਸ਼ਨਲ ਨੂੰ ਛੱਡ ਕੇ ਜਾਣ ਦੀ ਦਰ ਲਗਾਤਾਰ ਵਧ ਰਹੀ ਹੈ। ਉਹਨਾਂ ਨੇ ਮੰਤਰੀ ਨੂੰ ਪੱਤਰ ਲਿਖਿਆ ਕਿ ਡਾਕਟਰਾਂ ਦੇ ਰਹਿਣ ਲਈ 1120 ਇਕਾਈਆਂ ਦਾ ਨਿਰਮਾਣ ਕਾਫੀ ਦੇਰ ਤੋਂ ਲਟਕ ਰਿਹਾ ਹੈ ਅਤੇ ਇਸ ਕੰਮ ਵਿੱਚ ਤੇਜ਼ੀ ਲਿਆਉਣੀ ਚਾਹੀਦੀ ਹੈ।

ਇਸ ਦੇ ਨਾਲ ਬੀਬਾ ਬਾਦਲ ਨੇ ਕਿਹਾ ਕਿ ਕੇਂਦਰੀ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਜਾਵੇ ਕਿ ਉਹ ਏਮਸ ਬਠਿੰਡਾ ਦਾ ਦੌਰਾ ਕਰਨ ਤੇ ਇੰਸਟੀਚਿਊਟ ਵਿੱਚ ਅਪਰੇਸ਼ਨ ਤੇ ਮੁਰੰਮਤ ਦਾ ਕੰਮ ਆਪਣੇ ਹੱਥ ਵਿੱਚ ਲੈਣ। ਹਸਪਤਾਲ ਵਿੱਚ 28 ਬੈੱਡਾਂ ਵਾਲੇ ਟਰੌਮਾ ਤੇ ਐਮਰਜੈਂਸੀ ਕੇਂਦਰ ਨੂੰ ਵਧਾ ਕੇ 300 ਬੈੱਡਾਂ ਵਾਲਾ ਕੀਤਾ ਜਾਵੇ।

ਉਹਨਾਂ ਕਿਹਾ ਕਿ ਬਠਿੰਡਾ ਵਿੱਚੋਂ ਤਿੰਨ ਪ੍ਰਮੁੱਖ ਕੌਮੀ ਸ਼ਾਹ ਮਾਰਗ ਅਤ ਦੋ ਸੂਬਾਈ ਹਾਈਵੇਅ ਲੰਘਦੇ ਹਨ, ਇਸ ਲਈ ਇੱਥੇ ਹਾਦਸੇ ਬਹੁਤ ਵਾਪਰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਹਾਲੀ ਪਹੁੰਚ ਕੇ ਹੋਮੀ ਭਾਭਾ ਕੈਂਸਰ ਹਸਪਤਾਲ ਦਾ ਉਦਘਾਟਨ ਕੀਤਾ ਸੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਹਨਾਂ ਦੀ ਕੈਬਨਿਟ ਮੌਜੂਦ ਰਹੀ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੀ ਇਸ ਸਮਾਗਮ ਵਿੱਚ ਮੌਜੂਦ ਸਨ।

 

Leave a Reply

Your email address will not be published.