Main

2022 ਦੀਆਂ ਚੋਣਾਂ ਜਿੱਤਣ ਦੀ ਤਿਆਰੀ ਕਰ ਰਹੀ ਹੈ ਭਾਜਪਾ

ਪੰਜਾਬ ਦੀਆਂ ਵਿਧਾਨ ਸਭਾ ਚੋਣਾ 2022 ਵਿੱਚ ਹੋਣਗੀਆਂ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਲਈ ਖੁਦ ਕਮਾਨ ਸੰਭਾਲਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਪ੍ਰਦੇਸ਼ ਇਕਾਈ ਦੇ ਰੋਜ਼ ਦੇ ਕੰਮਕਾਜ ਦੀ ਸਮੀਖਿਆ ਲਈ ਇੰਚਾਰਜ ਤੋਂ ਇਲਾਵਾ ਕਿਸੇ ਹੋਰ ਦਿੱਗਜ ਅਤੇ ਤਜ਼ਰਬੇਕਾਰ ਨੇਤਾ ਨੂੰ ਜ਼ਿੰਮੇਵਾਰੀ ਛੇਤੀ ਸੌਂਪੀ ਜਾਵੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹਾਰੇ ਭਾਜਪਾ ਪੰਜਾਬ ਦੀਆਂ ਚੋਣਾਂ ਜਿੱਤਣ ਦੀ ਤਿਆਰੀ ਵਿੱਚ ਹਨ। ਇਸ ਕਾਰਨ ਪਾਰਟੀ ਕਿਸੇ ਨੂੰ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਐਲਾਨ ਕਰਨ ਦੀ ਥਾਂ ਮੋਦੀ ਦੇ ਨਾਮ ਤੇ ਵੋਟ ਮੰਗੇਗੀ। ਉਂਝ ਵੀ ਪੰਜਾਬ ਵਿਚ ਭਾਜਪਾ ਕੋਲ ਅਜਿਹਾ ਕੋਈ ਨੇਤਾ ਨਹੀਂ ਹੈ ਜਿਸ ਭਰੋਸੇ ਸੂਬੇ ਵਿਚ ਲਹਿਰ ਬਣਾ ਕੇ ਚੋਣਾਂ ਜਿੱਤੀਆਂ ਜਾ ਸਕਣ।

ਇਹ ਵੀ ਸੰਭਵ ਹੈ ਕਿ ਹੋਰ ਦਲ ਦੇ ਦਿੱਗਜਾਂ ਨੂੰ ਪਾਰਟੀ ਵਿਚ ਸ਼ਾਮਿਲ ਕੀਤਾ ਜਾਵੇ ਜੋ ਤਜ਼ਰਬੇਕਾਰ ਹੋਣ ਦੇ ਨਾਲ-ਨਾਲ ਬੇਦਾਗ ਅਕਸ ਰੱਖਦਾ ਹੋਵੇ। ਅਕਾਲੀ ਦਲ ਵੱਲੋਂ ਖੇਤੀ ਕਾਨੂੰਨਾਂ ਦੇ ਮਸਲੇ ਤੇ ਐਨਡੀਏ ਤੋਂ ਵੱਖ ਹੋਣ ਤੋਂ ਬਾਅਦ ਬਦਲੇ ਰਾਜਨੀਤਿਕ ਹਾਲਾਤ ਵਿੱਚ ਭਾਜਪਾ ਨੂੰ ਪੰਜਾਬ ਦੀ ਚੋਣਾਵੀਂ ਜ਼ਮੀਨ ਉਪਜਾਊ ਨਜ਼ਰ ਆਉਣ ਲੱਗੀ ਹੈ।

ਅਕਾਲੀ ਦਲ ਵੱਲੋਂ ਦਿੱਤੇ ਗਏ ਇਸ ਅਚਾਨਕ ਝਟਕੇ ਨੂੰ ਭਾਜਪਾ ਹੁਣ ਇਕ ਚੁਣੌਤੀ ਅਤੇ ਮੌਕੇ ਦੇ ਰੂਪ ਵਿੱਚ ਲੈ ਰਹੀ ਹੈ। ਪੰਜਾਬ ਭਾਜਪਾ ਲੰਮੇ ਸਮੇਂ ਤੋਂ ਸੂਬੇ ਵਿੱਚ ਅਕਾਲੀ ਦਲ ਤੋਂ ਵੱਖ ਹੋ ਕੇ ਚੋਣ ਲੜਨ ਦੀ ਗੁਹਾਰ  ਹਾਈਕਮਾਨ ਨੂੰ ਲਗਾਉਂਦੀ ਰਹੀ ਹੈ ਪਰ ਹੁਣ ਅਕਾਲੀ ਦਲ ਨੇ ਖੁਦ ਹੀ ਮੌਕੇ ਦੇ ਦਿੱਤੇ ਹਨ।

ਅਗਲੀਆਂ ਚੋਣਾਂ ਵਿਚ ਇਕ ਵਾਰ ਫਿਰ ਆਰ. ਐੱਸ. ਐੱਸ. ਦੀ ਭੂਮਿਕਾ ਅਹਿਮ ਰਹੇਗੀ। ਇਸ ਲਈ ਸੰਘ ਅੰਦਰ ਖਾਤੇ ਆਪਣੀਆਂ ਗਤੀਵਿਧੀਆਂ ਪਹਿਲਾਂ ਤੋਂ ਹੀ ਚਲਾ ਰਿਹਾ ਸੀ ਜਦੋਂਕਿ ਕਰੀਬ ਦਸ ਦਿਨ ਪਹਿਲਾਂ ਸੰਘ ਵਰਕਰ ਸਰਗਰਮ ਰੂਪ ਤੋਂ ਭਾਜਪਾ ਲਈ ਆਧਾਰ ਬਣਾਉਣ ਵਿਚ ਜੁੱਟ ਗਏ ਹਨ।

ਸੂਤਰਾਂ ਦੀ ਮੰਨੀਏ ਤਾਂ ਭਾਜਪਾ ਸਾਲ 2017 ਦੀਆਂ ਵਿਧਾਨ ਸਭਾ ਚੋਣ ਵੀ ਇਕੱਲੇ ਲੜਨ ਲਈ ਅੰਦਰਖਾਤੇ ਤਿਆਰੀ ਕਰ ਰਹੀ ਸੀ। ਪਿਛਲੀਆਂ ਚੋਣਾਂ ਤੋਂ ਪਹਿਲਾਂ ਸੰਘ ਨੇ ਪੰਜਾਬ ਵਿਚ ਅਚਾਨਕ ਸਰਗਰਮੀ ਵਧਾ ਦਿੱਤੀ ਸੀ। ਮੋਹਨ ਭਾਗਵਤ ਤੱਕ ਨੇ ਪੰਜਾਬ ਦੇ ਦੌਰੇ ਤੇਜ਼ ਕਰ ਦਿੱਤੇ ਸਨ।

ਭਾਗਵਤ ਸਮੇਤ ਸੰਘ ਦੇ ਕਈ ਅਹੁਦੇਦਾਰਾਂ ਨੇ ਉਸ ਸਮੇਂ ਮਾਲਵਾ ‘ਤੇ ਪੂਰਾ ਫੌਕਸ ਰੱਖਿਆ ਸੀ ਅਤੇ ਕਈ-ਕਈ ਦਿਨ ਦੇ ਲਗਾਤਾਰ ਪ੍ਰੋਗਰਾਮ ਮਾਲਵੇ ਨੂੰ ਦਿੱਤੇ ਸਨ। ਭਾਜਪਾ ਫਿਲਹਾਲ ਚਾਹੇ ਕਹਿ ਰਹੀ ਹੋਵੇ ਕਿ ਪੰਜਾਬ ਵਿਚ ਇਕੱਲੇ ਸਾਰੇ ਸੀਟਾਂ ‘ਤੇ ਚੋਣ ਲੜੇਗੀ ਪਰ ਇੰਨਾ ਤੈਅ ਹੈ ਕਿ ਉਹ ਕਿਸੇ ਨਾ ਕਿਸੇ ਸਹਿਯੋਗੀ ਨਾਲ ਗਠਜੋੜ ਜਾਂ ਤਾਲਮੇਲ ਜ਼ਰੂਰ ਕਰੇਗੀ।

ਅਲਬਤਾ ਉਹ ਇਸ ਵਾਰ ਵੱਡੇ ਭਰਾ ਦੇ ਰੂਪ ਵਿਚ ਰਹਿਣਾ ਚਾਹੇਗੀ। ਸੂਬੇ ਦੇ ਦਲਿਤ ਵੋਟ ਬੈਂਕ ਨੂੰ ਲੁਭਾਉਣ ਲਈ ਬਸਪਾ ਪਹਿਲੀ ਪਸੰਦ ਹੋ ਸਕਦੀ ਹੈ। ਯੂ. ਪੀ. ਦੀਆਂ ਹਾਲੀਆ ਰਾਜ ਸਭਾ ਚੋਣਾਂ ਤੋਂ ਵੀ ਅਜਿਹੀ ਝਲਕ ਮਿਲਦੀ ਹੈ ਕਿ ਭਾਜਪਾ ਲੀਡਰਸ਼ਿਪ ਅਤੇ ਮਾਇਆਵਤੀ ਦੇ ਰੁਖ਼ ਵਿਚ ਹੁਣ ਕਾਫ਼ੀ ਬਦਲਾਅ ਆ ਗਿਆ ਹੈ।

Click to comment

Leave a Reply

Your email address will not be published. Required fields are marked *

Most Popular

To Top