10 ਬੰਦੇ ਵਿਆਹ ‘ਤੇ ਲੈ ਪਹੁੰਚੇ ਸਾਧੂ ਸਿੰਘ ਧਰਮਸੋਤ, ਕੋਰੋਨਾ ਨਿਯਮਾਂ ਦੀਆਂ ਉਡਾਈਆਂ ਧੱਜੀਆਂ

ਪੰਜਾਬ ਸਰਕਾਰ ਵੱਲੋਂ ਆਏ ਦਿਨ ਕੋਰੋਨਾ ਮਾਮਲਿਆਂ ਨੂੰ ਠੱਲ੍ਹ ਪਾਉਣ ਲਈ ਸਖ਼ਤਾਈ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਕੱਲ੍ਹ ਰੀਵਿਊ ਮੀਟਿੰਗ ਤੋਂ ਬਾਅਦ ਪਾਬੰਦੀਆਂ ਨੂੰ 10 ਜੂਨ ਤੱਕ ਵਧਾ ਦਿੱਤਾ ਗਿਆ। ਅਜਿਹੇ ‘ਚ ਇੱਕ ਪਾਸੇ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਕੋਰੋਨਾ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾ ਰਹੀ ਹੈ।

ਉੱਥੇ ਹੀ ਸੋਸ਼ਲ ਮੀਡੀਆ ‘ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਿਕ ਸਾਧੂ ਸਿੰਘ ਧਰਮਸੋਤ ਸੰਗਰੂਰ ‘ਚ ਇੱਕ ਵਿਆਹ ਸਮਾਗਮ ‘ਚ ਪਹੁੰਚੇ ਸੀ ਜਿੱਥੇ ਉਹ ਆਪਣੇ ਨਾਲ 10 ਬਾਡੀਗਾਰਡਰ ਲੈ ਕੇ ਪਹੁੰਚੇ।
ਵੀਡੀਓ ‘ਚ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਨੌਜਵਾਨ ਵੱਲੋਂ ਜਦੋਂ ਕੈਬਨਿਟ ਮੰਤਰੀ ਧਰਮਸੋਤ ਨੂੰ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਉਹ ਇਕੱਲੇ ਆਏ ਹਨ। ਇਸ ਤੋਂ ਇਲਾਵਾ ਉਹਨਾਂ ਨੂੰ ਹੋਰ ਕੁੱਝ ਵੀ ਨਹੀਂ ਪਤਾ। ਦੱਸ ਦਈਏ ਕਿ ਬੀਤੇ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸੀ ਮੰਤਰੀਆਂ ਨਾਲ ਕੋਰੋਨਾ ਮਾਮਲਿਆਂ ਨੂੰ ਲੈ ਰਿਵਿਊ ਮੀਟਿੰਗ ਕੀਤੀ ਗਈ ਜਿਸ ਵਿੱਚ ਧਰਮਸੋਤ ਵੀ ਲੋਕਾਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਨਸੀਹਤ ਦੇ ਰਹੇ ਸੀ।
ਅਜਿਹੇ ‘ਚ ਸਾਧੂ ਸਿੰਘ ਧਰਮਸੋਤ ਦੀ ਇਹ ਵੀਡੀਓ ਦੇਖਣ ਤੋਂ ਬਾਅਦ ਲੋਕਾਂ ਵੱਲੋਂ ਉਹਨਾਂ ‘ਤੇ ਸਵਾਲ ਚੁੱਕੇ ਜਾ ਰਹੇ ਨੇ ਅਤੇ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਨਿਯਮਾਂ ਮਹਿਜ਼ ਗਰੀਬਾਂ ਦੇ ਲਾਗੂ ਹੁੰਦੇ ਹਨ। ਪਰ ਵੱਡੇ-ਵੱਡੇ ਮੰਤਰੀਆਂ ਸਣੇ ਅਮੀਰ ਲੋਕਾਂ ‘ਤੇ ਇਹ ਕਾਨੂੰਨ ਕੋਈ ਮਾਇਨੇ ਨਹੀਂ ਰੱਖਦੇ।
