10ਵੀਂ ਤੇ 12ਵੀਂ ਦੀ ਡੇਟਸ਼ੀਟ ਜਾਰੀ, OMR ਸ਼ੀਟ ਭਰਨ ਲਈ ਮਿਲਣਗੇ 15 ਮਿੰਟ ਵਾਧੂ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੇਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕੀਤੀ ਗਈ ਹੈ। 12ਵੀਂ ਦੀ ਪ੍ਰੀਖਿਆ 22 ਅਪ੍ਰੈਲ ਤੋਂ 23 ਮਈ ਤੱਕ ਚੱਲੇਗੀ। 10ਵੀਂ ਦੀ ਪ੍ਰੀਖਿਆ 29 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਤੇ 19 ਮਈ ਤੱਕ ਚੱਲੇਗੀ। 10ਵੀਂ ਦੀ ਪ੍ਰੀਖਿਆ ਦਾ ਸਮਾਂ ਸਵੇਰੇ 10 ਵਜੇ ਹੋਵੇਗਾ। 12ਵੀਂ ਦੀ ਪ੍ਰੀਖਿਆ ਦਾ ਸਮਾਂ ਦੁਪਹਿਰ 2 ਵਜੇ ਰੱਖਿਆ ਗਿਆ ਹੈ।

ਵਿਦਿਆਰਥੀਆਂ ਨੂੰ ਪ੍ਰੈਕਟੀਕਲ ਪ੍ਰੀਖਿਆ ਬਾਰੇ ਬਾਅਦ ਵਿੱਚ ਸੂਚਿਤ ਕੀਤਾ ਜਾਵੇਗਾ। ਇਸ ਵਿੱਚ ਓਪਨ ਸਕੂਲ, ਕੰਪਾਰਟਮੈਂਟ, ਰੀ-ਅਪੀਅਰ, ਵਾਧੂ ਵਿਸ਼ੇ, ਕਾਰਗੁਜ਼ਾਰੀ ਵਧਾਉਣ ਤੇ ਓਪਨ ਰੀ-ਅਪੀਅਰ ਦੇ ਨਾਲ ਸਾਲਾਨਾ ਪ੍ਰੀਖਿਆ ਵੀ ਸ਼ਾਮਲ ਹੈ। ਬੋਰਡ ਮੁਤਾਬਕ ਪ੍ਰੀਖਿਆ ਲਈ ਸਮਾਂ ਵਿਸ਼ੇ ਦੇ ਹਿਸਾਬ ਨਾਲ ਡੇਢ, ਦੋ, ਢਾਈ ਤੇ ਤਿੰਨ ਘੰਟੇ ਦਾ ਹੋਵੇਗਾ।

ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ OMR ਸ਼ੀਟ ਭਰਨ ਲਈ ਵਾਧੂ 15 ਮਿੰਟ ਦਿੱਤੇ ਜਾਣਗੇ। ਬੋਰਡ ਅਨੁਸਾਰ ਜੇ ਕੋਈ ਵਿਦਿਆਰਥੀ ਚੁਣੇ ਗਏ ਵਿਸ਼ਿਆਂ ਵਿੱਚੋਂ ਕਿਸੇ ਵੀ ਵਿਸ਼ੇ ਦਾ ਪੇਪਰ ਗਰੇਡਿੰਗ ਨਾਲ ਪਾਸ ਕਰਦਾ ਹੈ ਤਾਂ ਉਸ ਦੀ ਮੰਗ ’ਤੇ ਮੁੜ ਪ੍ਰੀਖਿਆ ਲਈ ਜਾਵੇਗੀ। ਪ੍ਰੀਖਿਆ ਨਾਲ ਸਬੰਧਤ ਹੋਰ ਜਾਣਕਾਰੀ ਬੋਰਡ ਦੀ ਵੈੱਬਸਾਈਟ ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।
