1 ਜੂਨ ਨੂੰ ਬਰਗਾੜੀ ‘ਚ ਮਨਾਇਆ ਜਾਵੇਗਾ ਪਸ਼ਚਾਤਾਪ ਦਿਵਸ

ਬੇਅਦਬੀ ਮਾਮਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਲਗਾਤਾਰ ਇਨਸਾਫ਼ ਦੀ ਗੁਹਾਰ ਲਗਾ ਰਹੀਆਂ ਹਨ। ਅਜਿਹੇ ‘ਚ ਬਠਿੰਡਾ ਦੇ ਸਿੰਘ ਸਭਾ ਗੁਰੂਦੁਆਰਾ ਸਾਹਿਬ ‘ਚ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਜਸਕਰਨ ਸਿੰਘ ਕਾਹਨ ਸਿੰਘ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਉਹਨਾਂ ਵੱਲੋਂ 1 ਜੂਨ ਨੂੰ ਬਰਗਾੜੀ ਦੀ ਧਰਤੀ ਉਪਰ ਪਸ਼ਚਾਤਾਪ ਦਿਵਸ ਮਨਾਇਆ ਜਾਵੇਗਾ ਜਿਸ ਦੌਰਾਨ ਉਹਨਾਂ ਵੱਲੋਂ ਸਾਰੀ ਕੌਮ ਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਉੱਥੇ ਪੁੱਜਣ ਦੀ ਅਪੀਲ ਕੀਤੀ ਗਈ ਹੈ।
ਉਧਰ ਦੂਜੇ ਪਾਸੇ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਨੇ ਕਿਹਾ ਹੈ ਕਿ ਲੰਮੇ ਸਮੇਂ ਤੋਂ ਬੇਅਦਬੀ ਮਾਮਲੇ ਦੀਆਂ ਘਟਨਾਵਾਂ ‘ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਪਰ ਅੱਜ ਤੱਕ ਸਿੱਖਾਂ ਨੂੰ ਬੇਅਦਬੀ ਮਾਮਲੇ ‘ਚ ਸਰਕਾਰਾਂ ਵੱਲੋਂ ਕੋਈ ਇਨਸਾਫ਼ ਨਹੀਂ ਦਿਵਾਇਆ ਗਿਆ।
ਦੱਸ ਦਈਏ ਕਿ ਸਿੱਖ ਜਥੇਬੰਦੀਆਂ ਦਾ ਇਲਜ਼ਾਮ ਹੈ ਕਿ ਸਰਕਾਰ ਵੱਲੋਂ ਹੁਣ ਤੱਕ ਬਰਗਾੜੀ ਮਾਮਲੇ ‘ਚ ਇਨਸਾਫ਼ ਨਹੀਂ ਦਿਵਾਇਆ ਗਿਆ ਹੈ। ਸਿੱਖ ਜੱਥੇਬੰਦੀਆਂ ਮੁਤਾਬਿਕ ਹੁਣ ਉਹਨਾਂ ਦਾ ਬਰਗਾੜੀ ਮਾਮਲੇ ‘ਚ ਇਨਸਾਫ਼ ਦਿਵਾਉਣ ਲਈ ਸਰਕਾਰ ਤੋਂ ਵਿਸ਼ਵਾਸ ਉੱਠ ਚੁੱਕਿਆ ਹੈ ਅਤੇ ਸਾਰੀਆਂ ਜੱਥੇਬੰਦੀਆਂ ਵੱਲੋਂ ਇੱਕਜੁੱਟ ਹੋ ਕਿ 1 ਜੂਨ ਨੂੰ ਪਸ਼ਚਾਤਾਪ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਹੈ।
