Punjab

ਹੰਗਾਮੀ ਮੀਟਿੰਗ ਕਰ ਕਿਸਾਨਾਂ ਨੇ ਕੀਤਾ ਇਹ ਐਲਾਨ…ਹੁਣ ਨਹੀਂ ਹਟਣਗੇ ਪਿੱਛੇ

ਪੰਜਾਬ ਵਿੱਚ ਮਾਲ ਗੱਡੀਆਂ ਨੂੰ ਲੈ ਕੇ ਪਹਿਲਾਂ ਇਹ ਬਹਾਨਾ ਬਣਾਇਆ ਗਿਆ ਸੀ ਕਿ ਕਿਸਾਨ ਮਾਲ ਗੱਡੀਆਂ ਨੂੰ ਲੰਘਣ ਨਹੀਂ ਦੇ ਰਹੇ ਪਰ ਹੁਣ ਜਦੋਂ ਉਹਨਾਂ ਵੱਲੋਂ ਰੇਲ ਪੱਟੜੀਆਂ ਤੋਂ ਧਰਨੇ ਚੁੱਕ ਲਏ ਗਏ ਹਨ ਤਾਂ ਕੇਂਦਰ ਸਰਕਾਰ ਆਪ ਹੀ ਮਾਲ ਗੱਡੀਆਂ ਰੋਕ ਰਹੀ ਹੈ। ਇਸ ਦੀ ਕਿਸਾਨਾਂ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।

ਇਸ ਦੇ ਚਲਦੇ ਪੰਜਾਬ ਦੀਆਂ 30 ਸੰਘਰਸ਼ਸ਼ੀਲ ਜੱਥੇਬੰਦੀਆਂ ਦੀ ਹੰਗਾਮੀ ਆਨਲਾਈਨ ਮੀਟਿੰਗ ਕਿਸਾਨ ਆਗੂ ਡਾ. ਦਰਸ਼ਨਪਾਲ ਦੀ ਅਗਵਾਈ ਵਿੱਚ ਹੋਈ। ਮੀਟਿੰਗ ਦੌਰਾਨ ਕਿਸਾਨ-ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ‘ਤੇ ਚਰਚਾ ਕੀਤੀ। 

ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਰੇਲਵੇ ਟ੍ਰੈਕ ਖਾਲੀ ਕਰ ਦਿੱਤੇ ਗਏ ਹਨ ਪਰ ਹੁਣ ਕੇਂਦਰ ਸਰਕਾਰ ਮਾਲ ਗੱਡੀਆਂ ਚਲਾਉਣ ਲਈ ਇਹ ਸ਼ਰਤ ਮੜ੍ਹ ਰਹੀ ਹੈ ਕਿ ਕਿਸਾਨ ਯਾਤਰੀ ਗੱਡੀਆਂ ਵੀ ਲੰਘਣ ਦੇਣ ਜੋ ਕਿ ਨਿੰਦਣਯੋਗ ਹੈ। ਕੇਂਦਰ ਸਰਕਾਰ ਉਹਨਾਂ ਦੇ ਸੰਘਰਸ਼ ਨੂੰ ਢਿੱਲਾ ਪਾਉਣਾ ਚਾਹੁੰਦੀ ਹੈ ਕਿ ਪਰ ਉਹ ਪਿੱਛੇ ਨਹੀਂ ਹਟਣਗੇ।

ਕਿਸਾਨ-ਆਗੂਆਂ ਨੇ ਕਿਹਾ ਕਿ ਭਾਜਪਾ ਪੂਰੀ ਤਰ੍ਹਾਂ ਬੌਖਲਾ ਚੁੱਕੀ ਹੈ। ਇਸ ਕਰਕੇ ਉਹ ਆਪਣੀ ਹੋਂਦ ਬਚਾਉਣ ਲਈ ਪੰਜਾਬ ‘ਚ ਦਲਿਤ ਪੱਤਾ ਖੇਡ ਰਹੀ ਹੈ। ਭਾਜਪਾ ਨੇ ਸੰਵਿਧਾਨ ਨਾਲ ਖਿਲਵਾੜ ਕਰਦਿਆਂ ਖੇਤੀ ਵਿਰੋਧੀ ਕਾਨੂੰਨ ਬਣਾਏ ਹਨ। ਜਿਹੜਾ ਕਿ ਸੂਬਾ ਸਰਕਾਰਾਂ ਦੇ ਅਧਿਕਾਰ ਖੇਤਰ ਵਿੱਚ ਸੀ, ਭਾਜਪਾ ਦੇ ਰਾਜ ਵਾਲੇ ਯੂਪੀ ਵਰਗੇ ਸੂਬਿਆਂ ਵਿੱਚ ਦਲਿਤਾਂ ਤੇ ਲਗਾਤਾਰ ਜੁਰਮ ਹੋ ਰਹੇ ਹਨ।

ਪਰ ਪੰਜਾਬ ਵਿਚ ਭਾਜਪਾ ਆਪਣੀ ਹੋਂਦ ਬਚਾਉਣ ਲਈ ਆਪਣੇ ਆਪ ਨੂੰ ਦਲਿਤ ਪੱਖੀ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਦੇ ਇਸ ਦੋਗਲੇ ਕਿਰਦਾਰ ਨੂੰ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਸਮਝਦੇ ਹਨ ਤੇ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।

ਕਿਸਾਨ ਜਥੇਬੰਦੀਆਂ ਦੇ ਆਗੂ ਬਲਬੀਰ ਸਿੰਘ ਰਾਜੇਵਾਲ, ਕੁਲਵੰਤ ਸਿੰਘ ਸੰਧੂ , ਜਤਿੰਦਰ ਸਿੰਘ ਛੀਨਾ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਦਲਿਤ ਵਿਦਿਆਰਥੀ ਵਜ਼ੀਫੇ ‘ਚ ਘਪਲੇ ਦਾ ਲੰਬੇ ਸਮੇਂ ਤੋਂ ਬਾਅਦ ਪਰਦਾਫਾਸ਼ ਹੋਇਆ ਸੀ ਤੇ ਸਾਡੀ ਵੀ ਮੰਗ ਹੈ ਕਿ ਇਸ ਘਪਲੇ ਦੀ ਜਾਂਚ ਹੋਵੇ ਤੇ ਦੋਸ਼ੀਆਂ ਨੂੰ ਸਜ਼ਾਵਾਂ ਹੋਣ, ਪਰ ਹੁਣ ਜਦ ਕਿਸਾਨ ਵਿਰੋਧੀ ਕਾਨੂੰਨਾਂ ਖ਼ਿਲਾਫ਼ ਭਾਜਪਾ ਆਗੂਆਂ ਦੇ ਥਾਂ-ਥਾਂ ਘਿਰਾਓ ਹੋ ਰਹੇ ਹਨ ਤਾਂ ਗਿਣੀ ਮਿਥੀ ਸਾਜਿਸ਼ ਤਹਿਤ ਇਸ ਘਪਲੇ ਦੇ ਨਾਂਅ ਉਪਰ ਜਨਤਕ ਸਰਗਰਮੀਆਂ ਵਿੱਢ ਕੇ ਕਿਸਾਨਾਂ ‘ਚ ਉਕਸਾਹਟ ਪੈਦਾ ਕਰਨ ਦੇ ਯਤਨ ਸ਼ੁਰੂ ਕਰ ਦਿੱਤੇ ਹਨ ਤੇ ਭਾਜਪਾ ਆਗੂ ਸਾਂਪਲਾ ਵਲੋਂ ਮਾਰਚ ਕਰਨ ਦਾ ਸੱਦਾ ਇਸ ਗੱਲ ਦਾ ਸੰਕੇਤ ਹੈ।

ਕਿਸਾਨਾਂ ਨੇ ਕਿਹਾ ਕਿ ਉਹਨਾਂ ਦੇ ਸੰਘਰਸ਼ ਵਿੱਚ ਦਲਿਤ ਭਾਈਚਾਰਾ ਵੀ ਸ਼ਾਮਲ ਹੈ ਇਸ ਲਈ ਉਹ ਦਲਿਤਾਂ ਦਾ ਵੀ ਪੂਰਾ ਸਾਥ ਦੇਣਗੇ। ਉਹਨਾਂ ਨੇ ਪੇਂਡੂ ਮਜ਼ਦੂਰ ਤੇ ਖੇਤ ਮਜ਼ਦੂਰ ਸਭਾਵਾਂ, ਦਲਿਤ ਜੱਥੇਬੰਦੀਆਂ ਤੇ ਖਾਸ ਕਰ ਬਹੁਜਨ ਸਮਾਜ ਪਾਰਟੀ ਨੂੰ ਵੀ ਅਪੀਲ ਕੀਤੀ ਹੈ ਕਿ ਪੰਜਾਬ ਦੇ ਲੋਕਾਂ ਵਿੱਚ ਫੁੱਟ ਪਾਉਣ ਦੀ ਭਾਜਪਾ ਦੀ ਸਾਜਿਸ਼ ਨੂੰ ਨਾਕਾਮ ਕਰਨ ਲਈ ਅੱਗੇ ਆਉਣ ਤੇ ਦਲਿਤ ਭਾਈਚਾਰੇ ਨੂੰ ਇਸ ਫਿਰਕੂ ਤੇ ਜਾਤਪਾਤੀ ਖੇਡ ਬਾਰੇ ਚੌਕਸ ਕਰਨ। ਕਿਸਾਨ ਮਜ਼ਦੂਰ ਏਕਾ ਹੀ ਪੰਜਾਬ ਦੇ ਵਿਕਾਸ ਦਾ ਜਾਮਨ ਬਣੇਗਾ।

ਕਿਸਾਨ-ਆਗੂ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ 26 ਅਤੇ 27 ਅਕਤੂਬਰ ਨੂੰ ਦਿੱਲੀ ਵਿਖੇ ਦੇਸ਼-ਭਰ ਦੀਆਂ ਕਿਸਾਨ-ਜਥੇਬੰਦੀਆਂ ਮੀਟਿੰਗ ਕਰਕੇ ਕੌਮੀ-ਪੱਧਰ ਦਾ ਤਿੱਖਾ-ਸੰਘਰਸ਼ ਉਲੀਕਣਗੀਆਂ।  

Click to comment

Leave a Reply

Your email address will not be published. Required fields are marked *

Most Popular

To Top