ਹੈਦਰਾਬਾਦ ਦੇ ਕਬਾੜ ਗੋਦਾਮ ‘ਚ ਲੱਗੀ ਭਿਆਨਕ ਅੱਗ, 11 ਮਜ਼ਦੂਰ ਜ਼ਿੰਦਾ ਸੜੇ

ਹੈਦਰਾਬਾਦ ਦੇ ਭੋਇਗੁਡਾ ਵਿੱਚ ਤੜਕੇ ਲੋਹੇ ਅਤੇ ਪਲਾਸਟਿਕ ਦੇ ਸਕਰੈਪ ਵਾਲੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ਵਿੱਚ ਲਗਭਗ 11 ਮਜ਼ਦੂਰ ਜ਼ਿੰਦਾ ਸੜਨ ਦੀ ਖ਼ਬਰ ਮਿਲੀ ਹੈ। ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਹੁਣ ਤੱਕ 11 ਲਾਸ਼ਾਂ ਬਰਾਮਦ ਕੀਤੀਆਂ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਇਹ ਸਾਰੇ ਬਿਹਾਰ ਦੇ ਪ੍ਰਵਾਸੀ ਮਜ਼ਦੂਰ ਸਨ।
ਮੁਸ਼ੀਰਾਬਾਦ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ, ਅੱਗ ਸਵੇਰੇ 4 ਵਜੇ ਦੇ ਕਰੀਬ ਉਸ ਸਮੇਂ ਲੱਗੀ ਜਦੋਂ ਸਿਕੰਦਰਦ ਰੇਲਵੇ ਸਟੇਸ਼ਨ ਦੇ ਨੇੜੇ ਰਿਹਾਇਸ਼ੀ ਕਾਲੋਨੀ ਦੇ ਸੰਘਣੀ ਆਬਾਦੀ ਵਾਲੇ ਭੋਇਗੁਡਾ ਖੇਤਰ ਵਿੱਚ ਆਈਡੀਐਚ ਕਾਲੋਨੀ ਵਿੱਚ ਗੋਦਾਮ ਦੀ ਉਪਰਲੀ ਮੰਜ਼ਿਲ ਵਿੱਚ ਲਗਭਗ 13 ਮਜ਼ਦੂਰ ਸੁਤੇ ਹੋਏ ਸਨ। ਉਹਨਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ।
ਮਿਲੀ ਜਾਣਕਾਰੀ ਮੁਤਾਬਕ ਘਟਨਾ ਸਮੇਂ ਇਹ ਲੋਕ ਗੋਦਾਮ ਦੇ ਅੰਦਰ ਸੁੱਤੇ ਪਏ ਸਨ। ਭਿਆਨਕ ਅੱਗ ਕਾਰਨ ਇੱਕ ਕੰਧ ਡਿੱਗ ਗਈ, ਜਿਸ ਕਾਰਨ ਉੱਥੇ ਫਸੇ ਲੋਕ ਬਾਹਰ ਨਹੀਂ ਨਿਕਲ ਸਕੇ। ਫਿਲਹਾਲ ਇੱਕ ਵਿਅਕਤੀ ਦਾ ਬਚਾਅ ਹੋ ਗਿਆ, ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਫਾਇਰ ਬ੍ਰਿਗੇਡ ਦੇ ਅਧਿਕਾਰੀ ਮੁਤਾਬਕ ਹੁਣ ਤੱਕ 11 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।
ਉਨ੍ਹਾਂ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਇਸ ‘ਤੇ ਕਾਬੂ ਪਾਉਣ ‘ਚ ਸਮਾਂ ਲੱਗਾ। ਹਾਲਾਂਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਉਨ੍ਹਾਂ ਨੂੰ ਸਵੇਰੇ 3 ਵਜੇ ਮਿਲੀ। ਉਨ੍ਹਾਂ ਦੱਸਿਆ ਕਿ ਇਸ ਗੋਦਾਮ ਦੀ ਪਹਿਲੀ ਮੰਜ਼ਿਲ ‘ਤੇ 12 ਮਜ਼ਦੂਰ ਸੁੱਤੇ ਹੋਏ ਸਨ। ਜ਼ਮੀਨੀ ਮੰਜ਼ਿਲ ‘ਤੇ ਅਚਾਨਕ ਅੱਗ ਲੱਗ ਗਈ ਅਤੇ ਸੁੱਤੇ ਪਏ ਲੋਕਾਂ ਲਈ ਬਾਹਰ ਨਿਕਲਣ ਦਾ ਇੱਕੋ ਇੱਕ ਰਸਤਾ ਬੰਦ ਹੋ ਗਿਆ। ਫਿਲਹਾਲ 11 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
