ਹੁਣ ਪਾ ਲਓ ਆਦਤ ਆਚਾਰ ਨਾਲ ਰੋਟੀ ਖਾਣ ਦੀ, ਪੈਟਰੋਲ ਡੀਜ਼ਲ ਤੋਂ ਬਾਅਦ ਮਹਿੰਗੀਆਂ ਹੋਈਆਂ ਸਬਜ਼ੀਆਂ

ਕੋਰੋਨਾ ਵਾਇਰਸ ਕਾਰਨ ਲੋਕਾਂ ਨੂੰ ਹਰ ਪਾਸਿਓਂ ਮਾਰ ਝੱਲਣੀ ਪਈ ਹੈ। ਇਸ ਦੇ ਨਾਲ ਹੀ ਲੋਕ ਇਕ ਹੋਰ ਵੱਡੀ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ, ਉਹ ਹੈ ਮਹਿੰਗਾਈ। ਮਹਿੰਗਾਈ ਨੇ ਲੋਕਾਂ ਦੇ ਸਾਹ ਸੁਕਾਏ ਪਏ ਹਨ। ਮਜ਼ਬੂਰੀ ਵੱਸ ਰੋਜ਼ਮਰ੍ਹਾ ਚੀਜ਼ਾਂ ਖਰੀਦਣੀਆਂ ਹੀ ਪੈਂਦੀਆਂ ਹਨ। ਉੱਥੇ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਵੀ ਸਾਰੇ ਰਿਕਾਰਡ ਤੋੜੇ ਪਏ ਹਨ। ਅੱਧੇ ਤੋਂ ਵੱਧ ਦੇਸ਼ ਵਿੱਚ ਪੈਟਰੋਲ 100 ਰੁਪਏ ਅਤੇ ਡੀਜ਼ਲ 90 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਿਆ ਹੈ।

ਤੇਲ ਮਹਿੰਗਾ ਹੋਣ ਕਾਰਨ ਦੂਜੀਆਂ ਵਸਤਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਇਕ ਰਿਪੋਰਟ ਮੁਤਾਬਕ ਸਬਜ਼ੀਆਂ ਇੱਕ ਮਹੀਨੇ ਦੇ ਅੰਦਰ 40 ਪ੍ਰਤੀਸ਼ਤ ਮਹਿੰਗੀਆਂ ਹੋ ਗਈਆਂ ਹਨ। ਦਿੱਲੀ ਦੀ ਆਜ਼ਾਦਪੁਰ ਮੰਡੀ ਵਿਚ, ਜਿਥੇ ਜੂਨ ਦੇ ਪਹਿਲੇ ਹਫ਼ਤੇ ਵਿਚ ਆਲੂ 15-20 ਰੁਪਏ ਪ੍ਰਤੀ ਕਿੱਲੋ ਵਿਕ ਰਹੇ ਸਨ, ਹੁਣ ਇਹ 25 ਰੁਪਏ ਕਿਲੋ ਵਿਕ ਰਿਹਾ ਹੈ। ਟਮਾਟਰ, ਕਰੇਲੇ ਦੀ ਕੀਮਤ ਹੁਣ 30 ਰੁਪਏ ਤੋਂ 40 ਰੁਪਏ ਹੋ ਗਈ ਹੈ।
30-40 ਰੁਪਏ ਵਿਚ ਵਿਕਿਆ ਪਿਆਜ਼ ਹੁਣ 50 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਇਸੇ ਤਰ੍ਹਾਂ ਹੋਰ ਸਬਜ਼ੀਆਂ ਜਿਵੇਂ ਲੌਕੀ ਭਿੰਡੀ, ਬੈਂਗਣ, ਮਟਰ ਦੀਆਂ ਕੀਮਤਾਂ ਵੀ ਵਧੀਆਂ ਹਨ। ਖਾਣ ਵਾਲਾ ਤੇਲ, ਸਾਬਣ, ਟੂਥਪੇਸਟ, ਰਸੋਈ ਦੀਆਂ ਚੀਜ਼ਾਂ, ਸਭ ਕੁਝ ਮਹਿੰਗਾ ਹੋ ਰਿਹਾ ਹੈ। ਦਿੱਲੀ ਵਿੱਚ ਅੱਜ ਪੈਟਰੋਲ 100 ਰੁਪਏ ਅਤੇ ਡੀਜ਼ਲ 90 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਤੇਲ ਦੀ ਕੀਮਤ ਵਿਚ ਪਿਛਲੇ ਦੋ ਮਹੀਨਿਆਂ ਵਿਚ ਲਗਭਗ 10 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇੰਨਾ ਹੀ ਨਹੀਂ ਸਵੱਛਤਾ, ਟੋਲ, ਰੱਖ-ਰਖਾਅ, ਬੀਮਾ ਵੀ ਵਧਿਆ ਹੈ। ਕੁਲ ਮਿਲਾ ਕੇ ਆਵਾਜਾਈ ਦੀ ਕੀਮਤ ਵਿਚ 30 ਤੋਂ 35 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਉੱਥੇ ਹੀ ਕਰਾਏ ਵਿੱਚ 20 ਤੋਂ 25 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
