Punjab

ਹੁਣ ਨਹੀਂ ਪਿੱਛੇ ਹਟਦੇ ਕਿਸਾਨ, ਤੋੜੇ ਬੈਰੀਕੇਡ, ਚੱਕ ਚੱਕ ਕੇ ਸੁੱਟੇ ਪਾਸੇ

ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕੱਲ ਤੋਂ ਹੀ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਨੁੰ ਕੂਚ ਕਰ ਰੱਖਿਆ ਹੈ। ਹਾਲਾਂਕਿ ਕਿਸਾਨਾਂ ਨੂੰ ਹਰਿਆਣਾ ਬਾਰਡਰ ਤੇ ਹੀ ਰੋਕਣ ਦੇ ਪੂਰੇ ਇੰਤਜ਼ਾਮ ਹਰਿਆਣਾ ਦੀ ਸਰਕਾਰ ਨੇ ਕਰ ਲਏ। ਪਰ ਦੁਜੇ ਪਾਸੇ ਹਰਿਆਣਾ ਦੇ ਕਿਸਾਨ ਵੀ ਹਰਿਆਣਾ ਦੀ ਖੱਟਰ ਸਰਕਾਰ ਲਈ ਸਿਰਦਰਦੀ ਬਣ ਗਏ ਹਨ।

ਕਿਸਾਨਾਂ ਨੇ ਅੱਜ ਵੱਡੀ ਗਿਣਤੀ ਵਿੱਚ ਸਰਕਾਰ ਖਿਲਾਫ ਆਪਣਾ ਗੁੱਸਾ ਕੱਢਿਆ ਹੈ। ਹਰਿਆਣਾ-ਪੰਜਾਬ ਦੇ ਕਿਸਾਨਾਂ ਨੇ 26 ਨਵੰਬਰ 2020 ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਸੀ ਅਤੇ ਅੱਜ ਸਵੇਰ ਹੁੰਦਿਆਂ ਹੀ ਕਿਸਾਨਾਂ ਨੇ ਆਪਣੇ ਕਦਮ ਦਿੱਲੀ ਵੱਲ ਵਧਾ ਲਏ ਹਨ।

ਪਰ ਇਸ ਵਿਚਾਲੇ ਹਰਿਆਣਾ ਪੁਲਸ ਵਲੋਂ ਅੰਬਾਲਾ ‘ਚ ਚੰਡੀਗੜ੍ਹ-ਦਿੱਲੀ ਹਾਈਵੇਅ ‘ਤੇ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡਿੰਗ ਕੀਤੀ ਗਈ ਜਿਨ੍ਹਾਂ ਨੂੰ ਕਿਸਾਨਾਂ ਨੇ ਪੂਰੀ ਤਰ੍ਹਾਂ ਤੋੜ ਦਿੱਤਾ। ਪੁਲਿਸ ਵਲੋਂ ਰੋਕਣ ਲਈ ਲਾਏ ਗਏ ਬੈਰੀਕੇਡ ਨੂੰ ਕਿਸਾਨਾਂ ਨੇ ਤੋੜ ਦਿੱਤੇ ਅਤੇ ਬੈਰੀਕੇਡਾਂ ਨੂੰ ਚੁੱਕ ਕੇ ਪਾਸੇ ਕਰ ਦਿੱਤਾ ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ।

ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਹਰਿਆਣਾ ਪੁਲਸ ਪੂਰੀ ਤਰ੍ਹਾਂ ਮੁਸਤੈਦ ਹੈ। ਜਾਣਕਾਰੀ ਮੁਤਾਬਕ ਵੱਡੀ ਗਿਣਤੀ ‘ਚ ਕਿਸਾਨ ਹਰਿਆਣਾ ‘ਚ ਡਟੇ ਹੋਏ ਹਨ ਅਤੇ ਦਿੱਲੀ ਘੇਰਨ ਲਈ ਤਿਆਰ ਬਰ ਤਿਆਰ ਬੈਠੇ ਹਨ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਜੀਂਦ ‘ਚ ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਪ੍ਰਸਾਸ਼ਨ ਨੇ ਧਾਰਾ-144 ਲਾਗੂ ਕਰ ਦਿੱਤੀ ਗਈ ਹੈ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਵਿੱਚ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਦਿੱਲੀ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਪੁਲਿਸ ਵੱਲੋਂ ਰੈਪਿਡ ਐਕਸ਼ਨ ਫੋਰਸ, ਹਰਿਆਣਾ ਪੁਲਸ ਅਤੇ ਹੋਰ ਫੋਰਸਾਂ ਨੂੰ ਚੱਪੇ ਚੱਪੇ ਤੇ ਤਾਇਨਾਤ ਕੀਤਾ ਗਿਆ ਹੈ।

ਬਾਰਡਰ ਸੀਲ ਕਰ ਦਿੱਤੇ ਗਏ ਨੇ ਪਰ ਇਸ ਵਿਚਾਲੇ ਕਿਸਾਨ ਵੀ ਦਿੱਲੀ ਜਾਣ ਲਈ ਪੂਰੇ ਰੋਹ ਵਿੱਚ ਹਨ। ਫਿਲਹਾਲ ਹਰ ਪਾਸੇ ਟਕਰਾਅ ਦੀਆਂ ਸਥਿਤੀਆਂ ਬਣੀਆਂ ਨਜ਼ਰ ਆ ਰਹੀਆਂ ਹਨ।  

Click to comment

Leave a Reply

Your email address will not be published. Required fields are marked *

Most Popular

To Top