‘ਹਾਰ ਦਾ ਸਿਹਰਾ ਮੇਰੇ ਸਿਰ ਬੱਝਾ ਹੈ, ਮੈਂ ਹੀ ਜ਼ਿੰਮੇਵਾਰ ਹਾਂ’: ਚਰਨਜੀਤ ਸਿੰਘ ਚੰਨੀ

ਪੰਜਾਬ ਵਿਧਾਨ ਸਭਾ ਚੋਣਾਂ ਦੀ ਹਾਰ ਤੋਂ ਬਾਅਦ ਵੀ ਕਾਂਗਰਸ ਦਾ ਕਾਟੋ ਕਲੇਸ਼ ਖਤਮ ਨਹੀਂ ਹੋਇਆ। ਕਾਂਗਰਸ ਪੰਜਾਬ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਿਸ਼ਾਨਾ ਲਾਇਆ ਹੈ। ਇਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਵੀ ਜਵਾਬ ਦਿੱਤਾ ਹੈ। ਚੰਨੀ ਨੇ ਕਿਹਾ ਕਿ, “ਮੈਂ ਮੁੱਖ ਮੰਤਰੀ ਸੀ। ਅੰਤ ਵਿੱਚ ਮੇਰਾ ਸਿਰ ਸਿਹਰਾ ਬੰਨ੍ਹਿਆ ਗਿਆ ਸੀ। ਇਸ ਲਿਹਾਜ਼ ਨਾਲ ਹਾਰ ਦੀ ਜ਼ਿੰਮੇਵਾਰੀ ਮੇਰੀ ਹੈ।’ ਉਂਝ ਚੰਨੀ ਨੇ ਇਸ਼ਾਰਿਆਂ ਵਿੱਚ ਪੁੱਛਿਆ ਕਿ, “ਪਾਰਟੀ ਪ੍ਰਧਾਨ ਤੇ ਉਹਨਾਂ ਦੀ ਜ਼ਿੰਮੇਵਾਰੀ ਕੀ ਹੈ?

ਮੈਂ ਇਸ ਤੇ ਨਹੀਂ ਬੋਲਾਂਗਾ। ਉਹਨਾਂ ਭਗਵੰਤ ਮਾਨ ਸਰਕਾਰ ਤੇ ਬੋਲਦਿਆਂ ਕਿਹਾ ਕਿ, ਨਵੀਂ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਬਿਜਲੀ ਨੂੰ ਲੈ ਕੇ ਉਹਨਾਂ ਕਿਹਾ ਕਿ, 200 ਯੂਨਿਟ ਤਾਂ ਪਹਿਲਾਂ ਹੀ ਮੁਆਫ਼ ਸੀ, 100 ਯੂਨਿਟ ਮੁਆਫ਼ ਕਰਕੇ ਲੋਕਾਂ ਨਾਲ ਧੋਖਾ ਕੀਤਾ ਗਿਆ ਹੈ। ਲੋਕਾਂ ਨੇ ਇਹ ਨਹੀਂ ਸੋਚਿਆ ਸੀ ਕਿ ਉਹਨਾਂ ਨੂੰ ਧੋਖੇ ਵਾਲਾ ਬਦਲਾਅ ਮਿਲੇਗਾ।”
ਦੱਸ ਦਈਏ ਕਿ ਚੰਨੀ ਦਾ ਬਿਆਨ ਸਿੱਧੂ ਦੇ ਉਨ੍ਹਾਂ ਸ਼ਬਦਾਂ ‘ਤੇ ਹੈ, ਜਿਸ ‘ਚ ਉਨ੍ਹਾਂ ਨੇ ਚੰਨੀ ਨੂੰ ਹਾਰ ਲਈ ਜ਼ਿੰਮੇਵਾਰ ਠਹਿਰਾਇਆ ਸੀ। ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਾਂਗਰਸ ਪ੍ਰਧਾਨ ਬਣਦਿਆਂ ਹੀ ਪਾਰਟੀ ਅੰਦਰ ਮੁੜ ਹਿੱਲਜੁਲ ਹੋਣੀ ਸ਼ੁਰੂ ਹੋ ਗਈ ਹੈ।
ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਰਾਜਾ ਵੜਿੰਗ ਦੇ ਤਾਜਪੋਸ਼ੀ ਸਮਾਗਮ ਵਿੱਚ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਉੱਪਰ ਨਿਸ਼ਾਨਾ ਸਾਧਿਆ। ਨਵਜੋਤ ਸਿੱਧੂ ਨੇ ਵਿਧਾਨ ਸਭਾ ਵਿੱਚ ਚੋਣਾਂ ਲਈ ਮਾਫੀਆ ਰਾਜ ਨੂੰ ਜ਼ਿਮੇਵਾਰ ਦੱਸਦਿਆਂ ਇਸ ਵਿੱਚ ਸਾਬਕਾ ਮੁੱਖ ਮੰਤਰੀਆਂ ਦੇ ਸ਼ਾਮਲ ਹੋਣ ਦਾ ਵੀ ਇਸ਼ਾਰਾ ਕੀਤਾ।
