ਹਾਈਕਮਾਨ ਦੀ ਘੁਰਕੀ ਮਗਰੋਂ CM ਚੰਨੀ ਤੇ ਸਿੱਧੂ ਦੇ ਤੇਵਰ ਪਏ ਠੰਡੇ? ਬਿਠਾਇਆ ਆਹਮੋ-ਸਾਹਮਣੇ

ਹਾਈਕਮਾਨ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਆਹਮੋ-ਸਾਹਮਣੇ ਬਿਠਾਇਆ ਗਿਆ। ਦੋਵਾਂ ਦੀ ਮੀਟਿੰਗ ਦੌਰਾਨ ਅਬਜ਼ਰਵਰ ਹਰੀਸ਼ ਚੌਧਰੀ ਤੇ ਕੈਬਨਿਟ ਮੰਤਰੀ ਪਰਗਟ ਸਿੰਘ ਮੌਜੂਦ ਰਹੇ। ਬੈਠਕ ਲੰਘੀ ਰਾਤ ਕਰੀਬ 8.30 ਵਜੇ ਰਾਜ ਭਵਨ ਦੇ ਗੈਸਟ ਹਾਊਸ ਵਿੱਚ ਸ਼ੁਰੂ ਹੋਈ, ਜੋ ਦੇਰ ਰਾਤ ਤੱਕ ਚੱਲੀ। ਬੈਠਕ ਦੌਰਾਨ ਮੁੱਖ ਮੰਤਰੀ ਚੰਨੀ ਤੇ ਨਵਜੋਤ ਸਿੱਧੂ ਨੇ ਇਕੱਠੇ ਹੀ ਖਾਣਾ ਖਾਧਾ।

ਸੂਤਰਾਂ ਮੁਤਾਬਕ ਕੇਂਦਰੀ ਅਬਜ਼ਰਵਰ ਹਰੀਸ਼ ਚੌਧਰੀ ਵੱਲੋਂ ਦੋਵਾਂ ਆਗੂਆਂ ਦਰਮਿਆਨ ਤਲਖੀ ਮਿਟਾਉਣ ਲਈ ਯਤਨ ਕੀਤੇ ਗਏ ਹਨ। ਨਵਜੋਤ ਸਿੱਧੂ ਨੇ ਡੀਜੀਪੀ ਤੇ ਐਡਵੋਕੇਟ ਜਰਨਲ ਨੂੰ ਤਬਦੀਲ ਕਰਨ ਦੀ ਮੰਗ ਰੱਖਦਿਆਂ 28 ਸਤੰਬਰ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸਿੱਧੂ ਨੇ 13 ਨੁਕਾਤੀ ਏਜੰਡੇ ਦੀ ਚਿੱਠੀ ਜਨਤਕ ਕਰ ਕੇ ਸਪੱਸ਼ਟ ਇਸ਼ਾਰਾ ਕਰ ਦਿੱਤਾ ਕਿ ਉਹ ਮੁੱਦਿਆਂ ਦੇ ਨਜਿੱਠੇ ਜਾਣ ਮਗਰੋਂ ਹੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਸੰਭਾਲਣਗੇ।
ਨਵਜੋਤ ਸਿੱਧੂ ਨੇ ਇਹ ਚਿੱਠੀ ਦਿੱਲੀ ਫੇਰੀ ਸਮੇਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਹਵਾਲੇ ਕੀਤੀ ਸੀ, ਜਿਸ ਨੂੰ ਐਤਵਾਰ ਟਵੀਟ ਕਰਕੇ ਸਿੱਧੂ ਨੇ ਜਨਤਕ ਕਰ ਦਿੱਤਾ। ਸਿੱਧੂ ਨੇ ਚਿੱਠੀ ਰਾਹੀਂ ਸੋਨੀਆ ਗਾਂਧੀ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਤੋਂ ਇਹਨਾਂ ਮੁੱਦਿਆਂ ਤੇ ਹੱਲ ਕਰਵਾਇਆ ਜਾਵੇ। ਸਿੱਧੂ ਜਿਵੇਂ ਪਹਿਲਾਂ ਕੈਪਟਨ ਸਰਕਾਰ ਨੂੰ ਘੇਰਦੇ ਰਹੇ ਹਨ, ਉਸੇ ਤਰ੍ਹਾਂ ਚੰਨੀ ਸਰਕਾਰ ਖਿਲਾਫ਼ ਵੀ ਕੁੱਦ ਪਏ ਹਨ।
