ਹਸਪਤਾਲ ਦੇ ਆਈਸੀਯੂ ’ਚ ਲੱਗੀ ਭਿਆਨਕ ਅੱਗ, ਸੜੇ 10 ਮਰੀਜ਼

ਮਹਾਰਾਸ਼ਟਰ ਦੇ ਅਹਿਮਦਨਗਰ ਦੇ ਜ਼ਿਲ੍ਹਾ ਹਸਪਤਾਲ ਵਿੱਚ ਭਿਆਨਕ ਅੱਗ ਲਗ ਗਈ। ਇਸ ਘਟਨਾ ਵਿੱਚ 10 ਲੋਕਾਂ ਦੀ ਮੌਤ ਹੋ ਗਈ। ਮੌਕੇ ਤੇ ਕਈ ਫਾਇਰ ਟੈਂਡਰ ਅੱਗ ਬੁਝਾਉਣ ਵਿੱਚ ਜੁਟੇ ਜਿਸ ਪਿੱਛੋਂ ਅੱਗ ਨੂੰ ਕਾਬੂ ਕੀਤਾ ਗਿਆ। ਹਸਪਤਾਲ ਵਿੱਚ ਦਾਖਲ ਮਰੀਜ਼ਾਂ ਨੂੰ ਕਿਸੇ ਹੋਰ ਥਾਂ ਤੇ ਭੇਜ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਅੱਗ ਸ਼ਨੀਵਾਰ ਸਵੇਰੇ ਕਰੀਬ 11.30 ਵਜੇ ਲੱਗੀ।

ਜਦੋਂ ਅੱਗ ਲੱਗੀ ਉਸ ਸਮੇਂ ਆਈਸੀਯੂ ਵਾਰਡ ਵਿੱਚ 20 ਲੋਕ ਮੌਜੂਦ ਸਨ। ਆਈਸੀਯੂ ਵਿੱਚ ਕਈ ਮਰੀਜ਼ ਅਜਿਹੇ ਵੀ ਸਨ ਜੋ ਵੈਂਟੀਲੇਟਰ ਤੇ ਸਨ। ਹਸਪਤਾਲ ਦੇ ਵਾਰਡ ਬੁਆਏ, ਨਰਸਾਂ ਅਤੇ ਡਾਕਟਰਾਂ ਨੇ ਮਰੀਜ਼ਾਂ ਨੂੰ ਸੁਰੱਖਿਅਤ ਵਾਰਡ ਵਿੱਚ ਭੇਜ ਦਿੱਤਾ। ਜਿਸ ਵਾਰਡ ਵਿੱਚ ਅੱਗ ਲੱਗੀ ਉਹ ਹਸਪਤਾਲ ਦੇ ਬਿਲਕੁੱਲ ਵਿਚਕਾਰ ਹੈ।
ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਅੰਤਿਮ ਪੜਾਅ ਤੇ ਹਨ। ਮੌਕੇ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ, ਪੁਲਿਸ ਕਰਮਚਾਰੀ ਅਤੇ ਹਸਪਤਾਲ ਪ੍ਰਬੰਧਨ ਦੇ ਲੋਕ ਰਾਹਤ ਅਤੇ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ। ਮੁੱਢਲਾ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਪਰ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ।
