ਹਸਪਤਾਲਾਂ ਵਿੱਚ ਆਕਸੀਜਨ ਦੀ ਕਮੀ ਕਾਰਨ ਮਚੀ ਹਾਹਾਕਾਰ

ਕੋਰੋਨਾ ਦੀ ਦੂਜੀ ਲਹਿਰ ਦੌਰਾਨ ਮੈਡੀਕਲ ਆਕਸੀਜਨ ਦੀ ਕਮੀ ਕਾਰਨ ਦੇਸ਼ ਵਿੱਚ ਹਾਹਾਕਾਰ ਮਚੀ ਹੋਈ ਹੈ, ਬਹੁਤੇ ਮਰੀਜ਼ਾਂ ਨੂੰ ਆਕਸੀਜਨ ਦੇ ਸਿਲੰਡਰ ਤੱਕ ਨਹੀਂ ਮਿਲ ਰਹੇ ਅਤੇ ਜਿਨ੍ਹਾਂ ਨੂੰ ਮਿਲ ਰਹੇ ਨੇ ਉਨ੍ਹਾਂ ਹਸਪਤਾਲਾਂ ਵਿੰਚ ਰਹਿਣ ਲਈ ਬੈੱਡ ਨਹੀਂ ਮਿਲੇ, ਜਿਸ ਕਾਰਨ ਸਥਿਤੀ ਭਿਆਨਕ ਬਣੀ ਹੋਈ ਹੈ।

ਸੋਸ਼ਲ ਮੀਡੀਆ ਉੱਪਰ ਅਜਿਹੀਆਂ ਅਨੇਕਾਂ ਵੀਡੀਓਜ਼ ਘੁੰਮ ਰਹੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਦੇਸ਼ ਵਿੱਚ ਕੋਰੋਨਾ ਅਤੇ ਮਰੀਜ਼ਾਂ ਦੇ ਹਾਲਾਤਾਂ ਦਾ ਅੰਦਾਜ਼ਾ ਆਰਾਮ ਨਾਲ ਲਾਇਆ ਜਾ ਸਕਦਾ ਹੈ। ਹੁਣ ਅਜਿਹੀ ਹੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਹਸਪਤਾਲ ਦਾ ਸਟਾਫ ਹਸਪਤਾਲ ਵਿੱਚ ਆਕਸੀਜਨ ਖਤਮ ਹੋਣ ਲਈ ਅਨਾਉਂਸਮੈਂਟਸ ਕਰ ਰਿਹਾ ਹੈ।
ਹਸਪਤਾਲ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਉਨ੍ਹਾਂ ਕੋਲ ਸਿਰਫ ਅੱਧੇ ਘੰਟੇ ਦੀ ਹੀ ਆਕਸੀਜਨ ਬਚੀ ਹੈ ਅਤੇ ਪਰਿਵਾਰਕ ਮੈਂਬਰ ਆਪਣੇ ਮਰੀਜ਼ਾਂ ਨੂੰ ਕਿਸੇ ਹੋਰ ਹਸਪਤਾਲ ਵਿੱਚ ਸਿਫ਼ਟ ਕਰਨ ਦਾ ਇੰਤਜ਼ਾਮ ਕਰ ਲੈਣ। ਵੀਡੀਓ ਦਿੱਲੀ ਦੇ ਇੱਕ ਹਸਪਤਾਲ ਦੀ ਦੱਸੀ ਜਾ ਰਹੀ ਹੈ, ਜਿਥੇ ਹਾਲਾਤ ਸਭ ਦੇ ਸਾਹਮਣੇ ਹਨ।
ਕਰੀਬ ਇੱਕ ਸਾਲ ਦਾ ਸਮਾਂ ਹੋ ਗਿਐ ਦੇਸ਼ ਵਿੱਚ ਕੋਰੋਨਾ ਬਿਮਾਰੀ ਆਈ ਨੂੰ ਪਰ ਹਾਲੇ ਵੀ ਦੇਸ਼ ਵਿੱਚ ਹਸਪਤਾਲਾਂ, ਬੈੱਡਾਂ, ਸਿਹਤ ਸਹੂਲਤਾਂ ਅਤੇ ਆਕਸੀਜਨ ਵਰਗੀ ਬੁਨਿਆਦੀ ਲੋੜ ਦਾ ਮਾੜਾ ਹਾਲ ਹੈ। ਨਾ ਹੀ ਨਵੇਂ ਹਸਪਤਾਲ ਬਣੇ ਅਤੇ ਨਾ ਹੀ ਕਿਧਰੇ ਸ਼ਾਇਦ ਨਵੇਂ ਆਕਸੀਜਨ ਪਲਾਂਟ ਹੀ ਲਾਏ ਗਏ।
ਜਿਸ ਕਾਰਨ ਹੁਣ ਮਰੀਜ਼ਾਂ ਨੁੰ ਮੌਤ ਨਾਲ ਦੋ ਦੋ ਹੱਥ ਕਰਨੇ ਪੈ ਰਹੇ ਹਨ। ਹਾਲਾਂਕਿ ਬਹੁਤ ਸਾਰੀਆਂ ਸਮਾਜਿਕ ਜਥੇਬੰਦੀਆਂ ਲੋਕਾਂ ਲਈ ਅੱਗੇ ਆ ਰਹੀਆਂ ਨੇ ਪਰ ਇਸ ਵਾਰ ਵੀ ਸਰਕਾਰਾਂ ਬੁਰੀ ਤਰ੍ਹਾਂ ਫੇਲ੍ਹ ਨਜ਼ਰ ਆ ਰਹੀਆਂ ਹਨ। ਸ਼ਾਇਦ ਇੱਕ ਸਾਲ ਬਾਅਦ ਵੀ ਲੋਕਾਂ ਅਤੇ ਹਾਕਮਾਂ ਨੇ ਕੋਰੋਨਾ ਮਹਾਂਮਾਰੀ ਤੋਂ ਕੋਈ ਵੀ ਸਬਕ ਨਹੀਂ ਲਿਆ ਹੈ।
