ਹਰਸਿਮਰਤ ਬਾਦਲ ਨੇ ਮਾਨ ਸਰਕਾਰ ’ਤੇ ਸਾਧਿਆ ਨਿਸ਼ਾਨਾ, ਕਿਹਾ-ਪੰਜਾਬ ਨਾਲ ਕਾਮੇਡੀ ਕਰਨੀ ਬੰਦ ਕਰੋ

ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਸ਼ਨੀਵਾਰ ਨੂੰ ਬੁਢਲਾਡਾ ਵਿਖੇ ਮਾ. ਕਾਕਾ ਅਮਰਿੰਦਰ ਸਿੰਘ ਦਾਤੇਵਾਸ ਦੇ ਗ੍ਰਹਿ ਵਿਖੇ ਅਫਸੋਸ ਪ੍ਰਗਟ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਜੀ ਪੰਜਾਬ ਦੇ ਲੋਕਾਂ ਨਾਲ ਹੁਣ ਕਾਮੇਡੀ ਕਰਨੀ ਬੰਦ ਕਰ ਦਿਓ।
ਸੂਬੇ ਦੇ ਜੋ ਹਾਲਾਤ ਅੱਜ ਹਨ, ਉਸ ਨੂੰ ਦੇਖ ਕੇ ਲੋਕ ਡਰ ਅਤੇ ਭੈਅ ਮਹਿਸੂਸ ਕਰਨ ਲੱਗੇ ਹਨ। ਸੂਬਾ ਲਾਵਾਰਿਸ ਛੱਡ ਕੇ ਹੋਰਨਾਂ ਸੂਬਿਆਂ ’ਚ ਜਾ ਕੇ ਉੱਥੋਂ ਦੇ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰ ਰਹੇ ਹੋ। ਉਹਨਾਂ ਅੱਗੇ ਕਿਹਾ ਕਿ, ਪੰਜਾਬ ਅੱਜ ਗੈਂਗਸਟਰਾਂ, ਕਤਲੋਗਾਰਤ, ਲੁੱਟ-ਖਸੁੱਟ ਵਾਲਾ ਸੂਬਾ ਬਣ ਗਿਆ ਹੈ। ਪੰਜਾਬ ਦੇ ਜੋ ਅੱਜ ਹਾਲਾਤ ਹਨ, ਉਹ ਪਿਛਲੇ 50 ਸਾਲਾਂ ’ਚ ਕਿਤੇ ਦੇਖਣ ਨੂੰ ਨਹੀਂ ਮਿਲੇ।
ਸੂਬੇ ’ਚ ਅੱਜ ਗੈਂਗਸਟਰਾਂ ਦਾ ਰਾਜ ਹੋ ਚੁੱਕਾ ਹੈ। ਪੰਜਾਬ ਕਤਲ ਤੇ ਲੁੱਟਾਂ ਖੋਹਾਂ ਹੋ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਸੂਬੇ ਦਾ ਪੈਸਾ ਹੋਰਨਾਂ ਸੂਬਿਆਂ ’ਚ ਝੂਠ ਬੋਲ ਕੇ ਵਹਾਇਆ ਜਾ ਰਿਹਾ ਹੈ। ਹਿਮਾਚਲ ਅਤੇ ਗੁਜਰਾਤ ਦੇ ਲੋਕਾਂ ਨੇ ਦੱਸ ਦਿੱਤਾ ਕਿ ਉਹ ਆਮ ਆਦਮੀ ਪਾਰਟੀ ਦੀ ਝੂਠੀ ਸਿਆਸਤ ’ਚ ਨਹੀਂ ਆਉਣ ਵਾਲੇ। ਹਰਸਿਮਰਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਜੀ ਪੰਜਾਬ ਨੂੰ ਸੰਭਾਲੋ।
ਪੰਜਾਬ ਕੋਈ ਕਾਮੇਡੀ ਨਹੀਂ ਹੈ। ਤੁਸੀਂ ਇਸ ਨੂੰ ਕਾਮੇਡੀ ਸਮਝ ਕੇ ਹੋਰਨਾਂ ਸੂਬਿਆਂ ਦੀ ਸੈਰ ਕਰਨ ’ਤੇ ਲੱਗੇ ਹੋਏ ਹੋ। ਬੀਬਾ ਬਾਦਲ ਸ਼ਨੀਵਾਰ ਨੂੰ ਪਿੰਡ ਖੜਕ ਸਿੰਘ ਵਾਲਾ ਵਿਖੇ ਲਾਲੀ ਸਿੰਘ ਖੜਕ ਸਿੰਘ ਵਾਲਾ ਦੇ ਪਤਨੀ ਦੇ ਦਿਹਾਂਤ, ਪਿੰਡ ਦਲੇਲ ਸਿੰਘ ਵਾਲਾ ਵਿਖੇ ਕਿਰਪਾਲ ਸਿੰਘ ਦੇ ਦਿਹਾਂਤ, ਬੁਢਲਾਡਾ ਦੇ ਵਾਰਡ ਨੰ.1 ਵਿਖੇ ਹਰਬੰਸ ਕੌਰ ਦੇ ਦਿਹਾਂਤ, ਵਾਰਡ ਨੰ.2 ਵਿਖੇ ਗੁਰਨਾਮ ਸਿੰਘ ਦੇ ਦਿਹਾਂਤ, ਵਾਰਡ ਨੰ. 3 ਵਿਖੇ ਆਸ ਕੌਰ ਦੇ ਦਿਹਾਂਤ, ਵਾਰਡ ਨੰ.9 ਵਿਖੇ ਗਿਆਨੀ ਗੁਰਬਖਸ ਸਿੰਘ ਦੇ ਦਿਹਾਂਤ, ਵਾਰਡ ਨੰ.10 ਵਿਖੇ ਕਰਮ ਸਿੰਘ ਦੇ ਦਿਹਾਂਤ ’ਤੇ ਅਫ਼ਸੋਸ ਪ੍ਰਗਟ ਕਰਨ ਲਈ ਪਹੁੰਚੇ ਸਨ।