ਹਰਸਿਮਰਤ ਕੌਰ ਬਾਦਲ ਦਾ ਕੇਂਦਰੀ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣਾ ਇਕ ਡਰਾਮਾ ਹੈ: ਕੈਪਟਨ

ਹਰਸਿਮਰਤ ਕੌਰ ਬਾਦਲ ਦਾ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਹੁਣ ਤੱਕ ਦੇ ਕੀਤੇ ਡਰਾਮਿਆਂ ਵਿੱਚ ਇੱਕ ਹੋਰ ਡਰਾਮਾ ਸ਼ਾਮਲ ਹੋ ਗਿਆ ਹੈ, ਅਸਤੀਫ਼ੇ ਦੇ ਬਾਵਜੂਦ ਇਨ੍ਹਾਂ ਨੇ ਹਾਲੇ ਤੱਕ ਸੱਤਾਧਾਰੀ ਗੱਠਜੋੜ ਨੂੰ ਨਹੀਂ ਛੱਡਿਆ।
ਇਹ ਸਭ ਇਨ੍ਹਾਂ ਨੇ ਕਿਸਾਨਾਂ ਦੀ ਫ਼ਿਕਰ ਨੂੰ ਧਿਆਨ ਵਿੱਚ ਰੱਖਦੇ ਹੋਏ ਨਹੀਂ ਕੀਤਾ ਸਗੋਂ ਆਪਣੀ ਸਿਆਸਤ ਦੇ ਭਵਿੱਖ ਨੂੰ ਬਚਾਉਣ ਲਈ ਕੀਤਾ ਤੇ ਹੁਣ ਇਹ ਸਭ ਕਰਨ ਦਾ ਵੀ ਕੋਈ ਫ਼ਾਇਦਾ ਨਹੀਂ ਕਿਉਂਕਿ ਹੁਣ ਬਹੁਤ ਦੇਰ ਹੋ ਗਈ ਹੈ। ਵਿਰੋਧੀ ਧਿਰ ਦੇ ਆਗੂਆਂ ਦਾ ਕਹਿਣਾ ਹੈ ਕਿ ਕੇਂਦਰੀ ਵਜ਼ਾਰਤ ਤੋਂ ਅਸਤੀਫਾ ਦੇ ਕੇ ਐਨ. ਡੀ. ਏ. ‘ਚ ਕਾਇਮ ਰਹਿਣਾ ਇਹ ਸਾਬਤ ਕਰਦਾ ਹੈ ਕਿ ਅਕਾਲੀ ਦਲ ਇਸ ਮੁੱਦੇ ‘ਤੇ ਸਿਰਫ ਸਿਆਸਤ ਕਰ ਰਿਹਾ ਹੈ।
ਇਹ ਵੀ ਪੜ੍ਹੋ: ‘ਆਪ’ ਨੇ ਟਰੈਕਟਰਾਂ ’ਤੇ ਚੜ੍ਹ ਕੇ ਬਾਦਲਾਂ ਦੇ ਘਰ ਦਾ ਕੀਤਾ ਘਿਰਾਓ
ਕਾਂਗਰਸ ਦੇ ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਕਾਲੀ ਦਲ ਬਾਦਲ ਨੂੰ ਹੁਣ ਉਸ ਕਿਰਾਏ ਦੇ ਮਕਾਨ ‘ਚੋਂ ਪੂਰੀ ਤਰ੍ਹਾਂ ਬਾਹਰ ਆ ਜਾਣਾ ਚਾਹੀਦਾ ਹੈ, ਜਿਸ ਦਾ ਉਸ ਨੇ ਕਿਰਾਇਆ ਨਾ ਦੇਣ ਦਾ ਫੈਸਲਾ ਕਰ ਲਿਆ ਹੈ। ਬਾਜਵਾ ਨੇ ਕਿਹਾ ਕਿ ਅਕਾਲੀ ਦੋਹਾਂ ਹੱਥਾਂ ‘ਚ ਲੱਡੂ ਰੱਖਣਾ ਚਾਹੁੰਦਾ ਹੈ, ਉਹ ਲੋਕਾਂ ਨੂੰ ਇਹ ਦਿਖਾਉਣਾ ਚਾਹੁੰਦਾ ਹੈ ਕਿ ਉਸ ਨੇ ਕੇਂਦਰ ਸਰਕਾਰ ਦੇ ਇਸ ਆਰਡੀਨੈਂਸ ਦੇ ਖਿਲਾਫ ਜਾ ਕੇ ਸੱਤਾ ਨੂੰ ਲੱਤ ਮਾਰੀ ਹੈ ਪਰ ਅਕਾਲੀ ਦਲ ਇਸ ਦੇ ਨਾਲ ਹੀ ਉਸ ਐਨ. ਡੀ. ਏ. ਦੇ ਨਾਲ ਵੀ ਰਹਿਣਾ ਚਾਹੁੰਦਾ ਹੈ, ਜਿਸ ਨੇ ਇਹ ਕਿਸਾਨ ਮਾਰੂ ਬਿੱਲ ਪਾਸ ਕੀਤਾ ਹੈ।
ਇਹ ਵੀ ਪੜ੍ਹੋ: ਰਾਜਪਾਲ ਕੋਲ ਜਾ ਕੇ ਕੈਪਟਨ ਕਰ ਰਹੇ ਨੇ ਡਰਾਮੇਬਾਜ਼ੀ: ਦਲਜੀਤ ਚੀਮਾ
ਬਾਜਵਾ ਨੇ ਕਿਹਾ ਕਿ ਇਸ ਮੁੱਦੇ ‘ਤੇ ਅਕਾਲੀ ਦਲ ਨੂੰ ਐਨ. ਡੀ. ਏ. ‘ਚੋਂ ਵੀ ਬਾਹਰ ਆਉਣਾ ਚਾਹੀਦਾ ਹੈ ਅਤੇ ਸਮੁੱਚੀ ਵਿਰੋਧੀ ਧਿਰ ਨੂੰ ਇਸ ਮਾਮਲੇ ‘ਤੇ ਇਕਜੁਟ ਹੋ ਕੇ ਵਿਰੋਧ ਕਰਨਾ ਚਾਹੀਦਾ ਹੈ। ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਹਰਸਿਮਰਤ ਦੇ ਅਸਤੀਫੇ ਤੋਂ ਬਾਅਦ ਕਿਹਾ ਕਿ ਹੁਣ ਇਹ ਅਸਤੀਫਾ ਦੇਣ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਪੰਜਾਬੀ ‘ਚ ਕਹਾਵਤ ਹੈ ‘ਵੇਲੇ ਦੇ ਕੰਮ, ਕੁਵੇਲੇ ਦੀਆਂ ਟੱਕਰਾਂ’।
ਭਗਵੰਤ ਮਾਨ ਨੇ ਕਿਹਾ ਕਿ ਜਿਸ ਸਮੇਂ ਇਸ ਮੁੱਦੇ ‘ਤੇ ਸਟੈਂਡ ਲੈਣਾ ਚਾਹੀਦਾ ਸੀ, ਉਸ ਸਮੇਂ ਅਕਾਲੀ ਦਲ ਇਸ ਆਰਡੀਨੈਂਸ ਦਾ ਬਚਾਅ ਕਰਦਾ ਰਿਹਾ ਅਤੇ ਹੁਣ ਜਦੋਂ ਸੰਸਦ ‘ਚ ਸਰਕਾਰ ਨੇ ਬਿੱਲ ਪਾਸ ਕਰ ਦਿੱਤਾ ਹੈ ਤਾਂ ਉਸ ਸਮੇਂ ਅਕਾਲੀ ਦਲ ਨੇ ਆਪਣੀ ਸਾਖ ਬਚਾਉਣ ਲਈ ਅਸਤੀਫੇ ਦਾ ਡਰਾਮਾ ਕੀਤਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਖੁਦ ਨੂੰ ਕਿਸਾਨ ਪਰਿਵਾਰ ਨਾਲ ਜੁੜਿਆ ਦੱਸ ਰਹੇ ਹਨ ਪਰ ਕਿਸਾਨੀ ਕਰਕੇ ਨਾ ਤਾਂ ਹਜ਼ਾਰ ਬੱਸਾਂ ਬਣਦੀਆਂ ਹਨ ਨਾ ਹੀ 5 ਸਟਾਰ ਹੋਟਲ ਬਣਾਏ ਜਾ ਸਕਦੇ ਹਨ।
