ਹਫ਼ਤੇ ’ਚ ਹੀ ਆਈਆਂ ਲੱਖਾਂ ਰਿਸ਼ਵਤਖੋਰੀ ਦੀਆਂ ਸ਼ਿਕਾਇਤਾਂ, ਸਿਰਫ ਦੋ ’ਤੇ ਹੋਇਆ ਐਕਸ਼ਨ

ਪੰਜਾਬ ਵਿੱਚ ਰਿਸ਼ਵਤਖੋਰੀ ਰੋਕਣ ਲਈ ਪੰਜਾਬ ਸਰਕਾਰ ਨੇ ਹੈਲਪ ਲਾਈਨ ਨੰਬਰ ਜਾਰੀ ਕੀਤਾ ਹੈ। ਨੰਬਰ ਜਾਰੀ ਹੋਣ ਤੋਂ ਬਾਅਦ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਹਨ। ਇੱਕ ਹਫ਼ਤੇ ਵਿੱਚ ਹੀ ਇਸ ਨੰਬਰ ਤੇ ਭ੍ਰਿਸ਼ਟਾਚਾਰ ਦੀਆਂ 1 ਲੱਖ 52 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਪੰਜਾਬ ਦੇ ਲੋਕਾਂ ਨੇ ਵੀਡੀਓ ਤੇ ਆਡੀਓ ਰਾਹੀਂ ਭੇਜੀਆਂ ਹਨ। ਪਤਾ ਲੱਗਾ ਹੈ ਕਿ ਇਹਨਾਂ ਸ਼ਿਕਾਇਤਾਂ ਚੋਂ ਸਿਰਫ ਦੋ ਤੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਐਫਆਈਆਰ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹਨਾਂ ਵਿਚੋਂ ਇੱਕ ਐਫਆਈਆਰ ਜਲੰਧਰ ਰੇਂਜ ਦੇ ਵਿਜੀਲੈਂਸ ਥਾਣੇ ਵਿੱਚ ਦਰਜ ਕੀਤੀ ਗਈ ਹੈ, ਜਦਕਿ ਦੂਜੀ ਐਫਆਈਆਰ ਅੰਮ੍ਰਿਤਸਰ ਦੇ ਵਿਜੀਲੈਂਸ ਰੇਂਜ ਥਾਣੇ ਚ ਸੋਮਵਾਰ ਦੇਰ ਰਾਤ ਦਰਜ ਕੀਤੀ ਗਈ ਹੈ। ਬਾਕੀ ਸ਼ਿਕਾਇਤਾਂ ਬਾਰੇ ਅਜੇ ਤੱਕ ਕੋਈ ਫ਼ੈਸਲਾ ਨਹੀਂ ਹੋਇਆ। ਦੱਸ ਦਈਏ ਕਿ ਜ਼ਿਆਦਾ ਸ਼ਿਕਾਇਤਾਂ ਪੁਲਿਸ ਤੇ ਮਾਲ ਵਿਭਾਗ ਦੀਆਂ ਆ ਰਹੀਆਂ ਹਨ। ਇਸ ਲਈ ਜਿਨ੍ਹਾਂ ਦੋ ਸ਼ਿਕਾਇਤਾਂ ‘ਚ ਐਫਆਈਆਰ ਦਰਜ ਕੀਤੀ ਗਈ ਹੈ, ਉਨ੍ਹਾਂ ‘ਚ ਪਹਿਲੀ ਮਾਲ ਵਿਭਾਗ ਨਾਲ ਸਬੰਧਤ ਹੈ ਤੇ ਦੂਜੀ ਪੁਲਿਸ ਵਿਭਾਗ ਨਾਲ ਸਬੰਧਤ ਹੈ।
ਇਸ ਹੈਲਪਲਾਈਨ ‘ਤੇ 4 ਦਿਨ ਪਹਿਲਾਂ ਮਿਲੀ ਸ਼ਿਕਾਇਤ ਦੇ ਆਧਾਰ ‘ਤੇ ਜਲੰਧਰ ਰੇਂਜ ‘ਚ ਐਫਆਈਆਰ ਦਰਜ ਕਰਕੇ ਜਲੰਧਰ ਦੀ ਤਹਿਸੀਲ ‘ਚ ਕੰਮ ਕਰਦੀ ਮਹਿਲਾ ਕਲਰਕ ਮੀਨੂੰ ਨੂੰ ਨੌਕਰੀ ਦਿਵਾਉਣ ਦੇ ਨਾਂ ‘ਤੇ 4.80 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।
ਸੋਮਵਾਰ ਰਾਤ ਨੂੰ ਅੰਮ੍ਰਿਤਸਰ ਰੇਂਜ ਦੇ ਏਐਸਆਈ ਗੁਰਦਾਸ ਸਿੰਘ, ਮੁੱਖ ਕਾਂਸਟੇਬਲ ਸੁਕੇਸ਼ ਕੁਮਾਰ, ਮੁੱਖ ਮੁਨਸ਼ੀ ਬਲਵਿੰਦਰ ਸਿੰਘ ਤੇ ਪੀਐਚਜੀ ਰਤਨ ਲਾਲ ਖਿਲਾਫ਼ ਥਾਣਾ ਝਬਾਲ ਵਿੱਚ ਦੂਜੀ ਐਫਆਈਆਰ ਦਰਜ ਕੀਤੀ ਗਈ ਹੈ। ਇਹਨਾਂ ਵਿਚੋਂ ਏਐਸਆਈ ਗੁਰਦਾਸ ਸਿੰਘ ਤੇ ਮੁਨਸ਼ੀ ਬਲਵਿੰਦਰ ਸਿੰਘ ਨੂੰ ਵੀ ਵਿਜੀਲੈਂਸ ਟੀਮ ਨੇ ਕਾਬੂ ਕਰ ਲਿਆ ਹੈ। ਇਹ ਐਫਆਈਆਰ ਵਿਕਰਮਜੀਤ ਸਿੰਘ ਵਾਸੀ ਤਤਲੇ ਥਾਣਾ ਭਿੱਖੀਵਿੰਡ ਜ਼ਿਲ੍ਹਾ ਤਰਨਤਾਰਨ ਦੀ ਸ਼ਿਕਾਇਤ ਤੇ ਦਰਜ ਕੀਤੀ ਗਈ ਹੈ।
