ਸੱਤਿਆਪਾਲ ਮਲਿਕ ਦਾ ਵੱਡਾ ਬਿਆਨ, “ਜੇ ਅੰਦੋਲਨ ਜਾਰੀ ਰਿਹਾ ਤਾਂ ਅਸਤੀਫ਼ਾ ਦੇ ਕੇ ਕਿਸਾਨਾਂ ਦੇ ਨਾਲ ਖੜ ਜਾਵਾਂਗਾ”

ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਹਮੇਸ਼ਾ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਰਹੇ ਹਨ। ਹੁਣ ਫਿਰ ਉਹਨਾਂ ਨੇ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਹੈ। ਗੋਆ ਵਿੱਚ ਭਾਜਪਾ ਸਰਕਾਰ ’ਤੇ ਕੋਰੋਨਾ ਵਾਇਰਸ ਦੌਰਾਨ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਉਣ ਵਾਲੇ ਰਾਜਪਾਲ ਸੱਤਿਆਪਾਲ ਮਲਿਕ ਨੇ ਐਤਵਾਰ ਨੂੰ ਆਪਣੇ ਅਲੋਚਕਾਂ ਨੂੰ ਨਿਸ਼ਾਨੇ ’ਤੇ ਲਿਆ।

ਸੱਤਿਆਪਾਲ ਮਲਿਕ ਨੇ ਇੱਕ ਪ੍ਰੋਗਰਾਮ ਵਿੱਚ ਕਿਹਾ ਕਿ, “ਮੈਂ ਕਿਸਾਨਾਂ ਦੇ ਮੁੱਦੇ ’ਤੇ ਕੁਝ ਕਹਾਂਗਾ ਤਾਂ ਵਿਵਾਦ ਛਿੜ ਜਾਵੇਗਾ। ਮੇਰੇ ਕੁਝ ਸ਼ੁੱਭ ਚਿੰਤਕ ਚਾਹੁੰਦੇ ਹਨ ਕਿ ਮੈਂ ਕੁੱਝ ਬੋਲਾਂ ਤੇ ਅਸਤੀਫ਼ਾ ਦੇ ਦੇਵਾਂ।” ਉਹਨਾਂ ਅੱਗੇ ਕਿਹਾ ਕਿ, “ਕੁਝ ਲੋਕ ਫੇਸਬੁੱਕ ’ਤੇ ਲਿਖ ਦਿੰਦੇ ਹਨ ਕਿ ਰਾਜਪਾਲ ਸਾਹਿਬ ਜੇ ਇੰਨਾ ਹੀ ਮਹਿਸੂਸ ਕਰ ਰਹੇ ਹੋ ਤਾਂ ਅਸਤੀਫ਼ਾ ਕਿਉਂ ਨਹੀਂ ਦੇ ਦਿੰਦੇ….ਮੈਨੂੰ ਦਿੱਲੀ ਵਿੱਚ ਦੋ-ਤਿੰਨ ਵੱਡੇ ਲੋਕਾਂ ਨੇ ਰਾਜਪਾਲ ਬਣਾਇਆ ਸੀ ਅਤੇ ਮੈਂ ਉਹਨਾਂ ਦੀ ਇੱਛਾ ਦੇ ਵਿਰੁਧ ਬੋਲ ਰਿਹਾ ਹਾਂ।
ਜਦੋਂ ਉਹ ਮੈਨੂੰ ਕਹਿਣਗੇ ਕਿ ਸਾਨੂੰ ਦਿੱਕਤ ਹੈ ਅਸਤੀਫ਼ਾ ਦੇ ਦਿਓ, ਤਾਂ ਮੈਂ ਇੱਕ ਮਿੰਟ ਵੀ ਨਹੀਂ ਲਾਵਾਂਗਾ।” ਉਹਨਾਂ ਨੇ ਕਿਸਾਨਾਂ ’ਤੇ ਬੋਲਦਿਆਂ ਕਿਹਾ ਕਿ, ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਦਿੱਲੀ ਤੋਂ ਖਾਲੀ ਹੱਥ ਨਹੀਂ ਆਉਣਗੇ, ਉਹ ਸਫ਼ਲ ਹੋ ਕੇ ਹੀ ਵਾਪਸ ਆਉਣਗੇ। ਉਹਨਾਂ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ, “ਸਿੱਖ ਭਾਈਚਾਰੇ ਦਾ ਵਿਰੋਧ ਨਾ ਕਰੋ।
ਸਰਕਾਰ ਵਿੱਚ ਬਹੁਤ ਸਾਰੇ ਅਜਿਹੇ ਲੀਡਰ ਹਨ ਜੋ ਕਿਸਾਨਾਂ ਦਾ ਸਮਰਥਨ ਕਰਦੇ ਹਨ ਪਰ ਕੁਝ ਕੁ ਲੋਕ ਜ਼ਿਦੀ ਹਨ। ਮਲਿਕ ਨੇ ਅੱਗੇ ਕਿਹਾ ਕਿ, “ਮੈਂ ਕੁਝ ਗਲਤ ਨਹੀਂ ਕੀਤਾ ਇਸ ਲਈ ਬਿਨਾਂ ਡਰ ਤੋਂ ਬੋਲਦਾ ਹਾਂ।” ਇਸ ਤੋਂ ਪਹਿਲਾਂ ਉਹ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਸਮਰਥਨ ਵੀ ਕਰ ਚੁੱਕੇ ਹਨ।
ਸੱਤਿਆਪਾਲ ਮਲਿਕ ਨੇ ਇਹ ਵੀ ਕਿਹਾ ਸੀ ਕਿ, “ਜੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਰਿਹਾ ਤਾਂ ਮੈਂ ਅਸਤੀਫ਼ਾ ਦੇ ਕੇ ਉਹਨਾਂ ਨਾਲ ਖੜਾ ਹੋਣ ਨੂੰ ਤਿਆਰ ਹਾਂ।” ਸੱਤਿਆਪਾਲ ਮਲਿਕ ਨੇ ਕਿਹਾ ਕਿ, ਦਿੱਲੀ ਦੇ ਲੀਡਰ ਇੱਕ ਕੁੱਤੇ ਦੇ ਮਰਨ ’ਤੇ ਵੀ ਦੁਖ ਪ੍ਰਗਟ ਕਰਦੇ ਹਨ ਪਰ ਅੰਦੋਲਨ ਕਰ ਰਹੇ 600 ਕਿਸਾਨਾਂ ਦੀ ਮੌਤ ਦਾ ਕਿਸੇ ਨੇ ਵੀ ਦੁਖ ਨਹੀਂ ਜਤਾਇਆ। ਉਹਨਾਂ ਨੇ ‘ਸੈਂਟਰਲ ਵਿਸਟਾ ਪੁਨਰਵਿਕਾਸ ਪਰਿਯੋਜਨਾ’ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ। ਉਹਨਾਂ ਕਿਹਾ ਕਿ, “ਬਿਹਤਰ ਹੁੰਦਾ ਕਿ ਸੰਸਦ ਭਵਨ ਦੀ ਥਾਂ ਇੱਕ ਵੱਡਾ ਕਾਲਜ ਬਣਾਇਆ ਜਾਂਦਾ।”
