ਸੰਸਦ ਮੈਂਬਰ ਚੱਢਾ ਨੇ ਸੰਸਦ ‘ਚ ਚੁੱਕਿਆ ਬੇਅਦਬੀ ਦਾ ਮੁੱਦਾ, ਕਾਨੂੰਨ ‘ਚ ਹੋਵੇ ਸੋਧ ਤੇ ਮੁਲਜ਼ਮਾਂ ਨੂੰ ਮਿਲਣ ਸਖ਼ਤ ਸਜ਼ਾਵਾਂ

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਪੰਜਾਬ ਵਿੱਚ ਬੇਅਦਬੀ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਲੈ ਕੇ ਸੰਸਦ ਵਿੱਚ ਇਹ ਮੁੱਦਾ ਚੁੱਕਿਆ ਹੈ। ਸ਼ੁੱਕਰਵਾਰ ਨੂੰ ਰਾਘਵ ਚੱਢਾ ਨੇ ਬੇਅਦਬੀ ਦੀਆਂ ਘਟਨਾਵਾਂ ਦੇ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।
ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਨੇ ਕਾਨੂੰਨਾਂ ਵਿੱਚ ਸੋਧਾਂ ਤੇ ਚਰਚਾ ਕਰਨ ਲਈ ਰਾਜ ਸਭਾ ਵਿੱਚ ਨਿਯਮ 267 ਦੇ ਤਹਿਤ ਸਸਪੈਂਸ਼ਨ ਆਫ਼ ਬਿਜਨਸ ਦਾ ਨੋਟਿਸ ਜਾਰੀ ਕੀਤਾ ਹੈ। ਸੰਸਦ ਮੈਂਬਰ ਨੇ ਇੱਕ ਪੱਤਰ ਜਾਰੀ ਕਰਦਿਆਂ ਕਿਹਾ ਕਿ, ਸਦਨ ਨੂੰ ਬੇਅਦਬੀ ਦੇ ਵਧਦੇ ਮਾਮਲਿਆਂ ਤੇ ਚਰਚਾ ਕਰਨ ਲਈ ਨਿਯਮ 29 ਦੇ ਤਹਿਤ ਸੂਚੀਬੱਧ ਕਾਰੋਬਾਰ ਨੂੰ ਮੁਅੱਤਲ ਕਰਨਾ ਚਾਹੀਦਾ ਹੈ।
ਇਹ ਇੱਕ ਅਜਿਹਾ ਮੁੱਦਾ ਹੈ ਜਿਸ ਨਾਲ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਵਿੱਚ ਗੁੱਸਾ ਅਤੇ ਰੋਸ ਹੈ। ਸਾਡੇ ਲਈ ਇਹ ਸਾਡਾ ਮੁੱਦਾ ਹੈ। ਗੁਰੂ ਸਾਹਿਬਾਨ ਦੇ ਸਤਿਕਾਰ ਤੋਂ ਵੱਡਾ ਕੁਝ ਨਹੀਂ, ਅਸੀਂ ਸੀਸ ਕਟਾ ਸਕਦੇ ਹਾਂ, ਆਪਣੀ ਜਾਨ ਦੇ ਸਕਦੇ ਹਾਂ, ਪਰ ਗੁਰੂ ਸਾਹਿਬਾਨ ਦਾ ਅਪਮਾਨ, ਗੁਰੂ ਸਾਹਿਬਾਨ ਦੀ ਬਾਣੀ ਦੀ ਬੇਅਦਬੀ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ।
ਉਹਨਾਂ ਆਪਣੇ ਪੱਤਰ ਵਿੱਚ ਲਿਖਿਆ ਕਿ ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਵਿੱਚ ਸਮਾਜ ਵਿਰੋਧੀ ਲੋਕਾਂ ਵੱਲੋਂ ਗੁਰੂ ਸਾਹਿਬ ਦੀ ਬੇਅਦਬੀ ਦੀਆਂ ਕਈ ਕੋਸ਼ਿਸ਼ਾਂ ਹੋਈਆਂ ਹਨ, ਜਿਸ ਵਿੱਚ 2015 ਵਿੱਚ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਲੁਧਿਆਣਾ ਵਿੱਚ ਪਵਿੱਤਰ ਸ੍ਰੀਮਦ ਭਾਗਵਤ ਗੀਤਾ ਦੀ ਬੇਅਦਬੀ ਕੀਤੀ ਗਈ ਸੀ। ਆਈਪੀਸੀ ਦੀ ਧਾਰਾ 295 ਅਤੇ 295ਏ ਵਿੱਚ ਇਸ ਅਪਰਾਧ ਲਈ ਨਿਰਧਾਰਤ ਸਜ਼ਾ ਇੰਨੀ ਘੱਟ ਹੈ ਕਿ ਇਸ ਘਿਨਾਉਣੇ ਅਪਰਾਧ ਨੂੰ ਕਰਨ ਵਾਲਿਆਂ ਦੇ ਹੌਂਸਲੇ ਬਹੁਤ ਉੱਚੇ ਹੋ ਗਏ ਹਨ।