ਸੰਸਦ ਦਾ ਸਰਦ ਰੁੱਤ ਸੈਸ਼ਨ ਸਮੇਂ ਤੋਂ ਪਹਿਲਾਂ ਕਰ ਦਿੱਤਾ ਗਿਆ ਸਮਾਪਤ, 29 ਦਸੰਬਰ ਨੂੰ ਹੋਣਾ ਸੀ ਖ਼ਤਮ

ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁੱਕਰਵਾਰ ਸਵੇਰੇ ਸਮਾਪਤ ਕਰ ਦਿੱਤਾ ਗਿਆ ਅਤੇ ਦੋਵੇਂ ਸਦਨਾਂ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀਆਂ ਗਈਆਂ। 7 ਦਸੰਬਰ ਤੋਂ ਸ਼ੁਰੂ ਹੋਏ ਸੈਸ਼ਨ ਦੇ ਆਖਰੀ ਦਿਨ ਵੀ ਹੰਗਾਮੇ ਵਾਲਾ ਰਿਹਾ। ਸੈਸ਼ਨ 29 ਦਸੰਬਰ ਨੂੰ ਖ਼ਤਮ ਹੋਣਾ ਸੀ, ਪਰ ਇਹ ਸਮੇਂ ਤੋਂ ਪਹਿਲਾਂ ਹੀ ਖ਼ਤਮ ਹੋ ਗਿਆ।
ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਹੋਏ ਕੰਮਕਾਜ ਬਾਰੇ ਜਾਣਕਾਰੀ ਦਿੰਦਿਆਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਦੱਸਿਆ ਕਿ ਸਰਦ ਰੁੱਤ ਸੈਸ਼ਨ ਦੌਰਾਨ ਕੁੱਲ 13 ਮੀਟਿੰਗਾਂ ਹੋਈਆਂ, ਜੋ ਕਿ 68 ਘੰਟੇ 42 ਮਿੰਟ ਚੱਲੀਆਂ। ਇਸ ਦੇ ਨਾਲ ਹੀ ਸਦਨ ਵਿੱਚ ਮੌਜੂਦਾ ਸੈਸ਼ਨ ਦੀ ਕੰਮਕਾਜੀ ਉਤਪਾਦਕਤਾ 97 ਫ਼ੀਸਦੀ ਰਹੀ।
ਇਸ ਸੈਸ਼ਨ ਦੌਰਾਨ ਲੋਕ ਸਭਾ ਵਿੱਚ 9 ਸਰਕਾਰੀ ਬਿੱਲ ਪੇਸ਼ ਕੀਤੇ ਗਏ ਅਤੇ ਕੁੱਲ 7 ਬਿੱਲ ਪਾਸ ਕੀਤੇ ਗਏ। ਦੱਸ ਦਈਏ ਕਿ ਸੈਸ਼ਨ ਦੌਰਾਨ ਪਿਛਲੇ ਹਫ਼ਤੇ ਵਿਰੋਧੀ ਧਿਰ ਦੇ ਲੀਡਰ ਕਈ ਮੁੱਦਿਆਂ ਤੇ ਸਰਕਾਰ ਨਾਲ ਭਿੜ ਗਏ ਸਨ, ਜਿਸ ਕਾਰਨ ਕਈ ਵਾਰ ਹੰਗਾਮੇ ਹੋਏ ਸਨ। ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ‘ਤੇ ਧਿਆਨ ਹਟਾਉਣ ਲਈ ਵਿਘਨ ਪੈਦਾ ਕਰਨ ਦਾ ਦੋਸ਼ ਲਗਾਇਆ।
ਤੁਹਾਨੂੰ ਦੱਸ ਦੇਈਏ ਕਿ ਸਦਨ ‘ਚ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਚੀਨ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ‘ਤੇ ਚਿੰਤਾ ਪ੍ਰਗਟਾਈ ਅਤੇ ਦੇਸ਼ ਦੀ ਤਿਆਰੀ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇੱਕ ਦਿਨ ਬਾਅਦ ਸਰਦ ਰੁੱਤ ਸੈਸ਼ਨ ਖਤਮ ਹੋ ਗਿਆ।
ਇਸ ਤੋਂ ਪਹਿਲਾਂ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ 7 ਦਸੰਬਰ ਤੋਂ ਸ਼ੁਰੂ ਹੋ ਕੇ 29 ਦਸੰਬਰ ਤੱਕ ਚੱਲਣ ਦੀ ਤਜਵੀਜ਼ ਰੱਖੀ ਗਈ ਸੀ, ਪਰ ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਦਨਾਂ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਧਦੇ ਕੋਰੋਨਾ ਨੂੰ ਲੈ ਕੇ ਪਹਿਲਾਂ ਹੀ ਉੱਚ ਪੱਧਰੀ ਮੀਟਿੰਗ ਕਰ ਚੁੱਕੇ ਹਨ।