ਸੰਯੁਕਤ ਕਿਸਾਨ ਮੋਰਚੇ ਵੱਲੋਂ ਖੱਟਰ ਸਰਕਾਰ ਦੇ ਵਿਧਾਇਕਾਂ ਦਾ ਸਮਾਜਿਕ ਬਾਈਕਾਟ

ਬੀਤੇ ਕੱਲ੍ਹ ਹਰਿਆਣਾ ਸਰਕਾਰ ਡਿੱਗਣ ਤੋਂ ਬੱਚ ਗਈ ਹੈ। ਹਰਿਆਣਾ ਵਿਧਾਨ ਸਭਾ ‘ਚ ਕਾਂਗਰਸ ਵੱਲੋਂ ਲਿਆਂਦੇ ਬੇਭਰੋਸਗੀ ਦੇ ਮਤੇ ਵਿਰੁੱਧ ਵੋਟ ਦੇ ਕੇ ਖੱਟਰ ਸਰਕਾਰ ਨੂੰ ਬਚਾਉਣ ਵਾਲੇ ਕੁਝ ਵਿਧਾਇਕ ਨਵੀਂ ਮੁਸੀਬਤ ਵਿੱਚ ਘਿਰ ਗਏ ਹਨ। ਹਾਲਾਂਕਿ ਇਹਨਾਂ ਵਿਧਾਇਕਾਂ ਵੱਲੋਂ ਕਿਸਾਨ ਪੱਖੀ ਹੋਣ ਦਾ ਦਾਅਵਾ ਕੀਤਾ ਜਾਂਦਾ ਸੀ ਪਰ ਵਿਧਾਨ ਸਭਾ ਵਿੱਚ ਇਹ ਸਰਕਾਰ ਦੇ ਹੱਕ ‘ਚ ਭੁਗਤੇ।

ਇਸ ਮਗਰੋਂ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਇ੍ਹਨਾਂ ਵਿਧਾਇਕਾਂ ਦੇ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ ਹੈ। ਮੋਰਚੇ ਨੇ ਭਾਜਪਾ ਤੇ ਜੇਜੇਪੀ ਦੇ ਵਿਧਾਇਕਾਂ ਸਣੇ ਮਤੇ ਖ਼ਿਲਾਫ਼ ਵੋਟ ਪਾਉਣ ਵਾਲੇ ਹੋਰਨਾਂ ਵਿਧਾਇਕਾਂ ਦਾ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।
ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚੇ ਨੇ ਦਾਅਵਾ ਕੀਤਾ ਹੈ ਕਿ ਹਰਿਆਣਾ ਵਿੱਚ ਚਾਹੇ ਭਾਜਪਾ-ਜੇਜੇਪੀ ਗੱਠਜੋੜ ਦੀ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਨਾਕਾਮ ਹੋ ਗਿਆ ਪਰ ਇਸ ਨਾਲ ਇਨ੍ਹਾਂ ਵਿਧਾਇਕਾਂ ਦਾ ਕਿਸਾਨ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਹੈ। ਉਨ੍ਹਾਂ ਭਾਜਪਾ ਤੇ ਜੇਜੇਪੀ ਦੇ ਵਿਧਾਇਕਾਂ ਦੀ ਪਿੰਡਾਂ ਵਿੱਚ ਐਂਟਰੀ ਬੰਦ ਕਰ ਕੇ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਕੀਤਾ। ਫਿਲਹਾਲ ਹੁਣ ਕਿਸਾਨਾਂ ਵੱਲੋਂ ਹਰਿਆਣਾ ‘ਚ ਭਾਜਪਾ ਖਿਲਾਫ਼ ਜ਼ਬਰਦਸਤ ਪ੍ਰਦਰਸ਼ਨ ਕਰਨ ਦੀ ਗੱਲ ਵੀ ਆਖੀ ਜਾ ਰਹੀ ਹੈ।
