ਸੰਯੁਕਤ ਕਿਸਾਨ ਮੋਰਚਾ ਵੱਲੋਂ ਦੁਕਾਨਾਂ ਖੁੱਲ੍ਹਵਾਉਣ ਦੇ ਐਲਾਨ ਮਗਰੋਂ ਵਪਾਰੀਆਂ ਨੇ ਪੈਰ ਖਿੱਚੇ ਪਿਛਾਂਹ

ਕੋਰੋਨਾ ਕਾਲ ਦੇ ਚਲਦੇ ਪੰਜਾਬ ਵਿੱਚ ਗੈਰ ਜ਼ਰੂਰੀ ਦੁਕਾਨਾਂ ਬੰਦ ਕੀਤੀਆਂ ਹੋਈਆਂ ਹਨ। ਕੈਪਟਨ ਸਰਕਾਰ ਨੇ ਸਖ਼ਤ ਹਦਾਇਤਾਂ ਦਿੱਤੀਆਂ ਹਨ। ਜਿਹੜੀ ਜ਼ਰੂਰੀ ਵਸਤਾਂ ਦੁਕਾਨਾਂ ਹਨ ਉਹਨਾਂ ਨੂੰ ਖੋਲ੍ਹਣ ਦਾ ਸਮਾਂ ਸ਼ਾਮ 5 ਵਜੇ ਤੱਕ ਹੈ। ਸੰਯੁਕਤ ਕਿਸਾਨ ਮੋਰਚਾ ਵੱਲੋਂ 8 ਮਈ ਨੂੰ ਪੰਜਾਬ ਵਿੱਚ ਦੁਕਾਨਾਂ ਖੁੱਲ੍ਹਵਾਉਣ ਦੇ ਐਲਾਨ ਪਿਛੋਂ ਵਪਾਰੀਆਂ ਨੇ ਅਪਣਾ ਫ਼ੈਸਲਾ ਬਦਲ ਲਿਆ ਹੈ।

ਵਪਾਰੀਆਂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੇ ਨਾਲ ਹਨ ਪਰ ਵਪਾਰੀਆਂ ਨੇ ਨਾ ਕਦੇ ਕਾਨੂੰਨ ਤੋੜਿਆ ਹੈ ਤੇ ਨਾ ਹੀ ਤੋੜਨਗੇ। ਉਹਨਾਂ ਕਿਹਾ ਕਿ ਪ੍ਰਸ਼ਾਸਨ ਨਾਲ ਟਕਰਾ ਕੇ ਅਸੀਂ ਦੁਕਾਨਾਂ ਨਹੀਂ ਖੋਲ੍ਹਣੀਆਂ। ਕਿਸਾਨਾਂ ਨੇ ਕਿਹਾ ਕਿ ਉਹਨਾਂ ਦਾ ਮਾਲ ਤਾਂ ਹੀ ਵਿਕੇਗਾ ਜੇ ਦੁਕਾਨਾਂ ਖੁੱਲ੍ਹਣਗੀਆਂ। ਜੇ ਕਿਸਾਨ ਫ਼ਸਲ ਲੈ ਕੇ ਬਾਜ਼ਾਰ ਵਿੱਚ ਆਉਣਗੇ, ਦੁਕਾਨਾਂ ਖੁੱਲ੍ਹਣਗੀਆਂ ਤਾਂ ਹੀ ਉਹਨਾਂ ਨੂੰ ਪੈਸੇ ਮਿਲਣਗੇ।
ਉਹਨਾਂ ਕਿਹਾ ਕਿ ਅੱਜ ਹਰ ਵਿਅਕਤੀ ਦੁਖੀ ਹੈ। ਸਰਕਾਰ ਨੇ ਫੈਕਟਰੀਆਂ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਹੋਈ ਹੈ ਪਰ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਹਨ। “ਕੈਪਟਨ ਸਰਕਾਰ ਦਾ ਸਿਸਟਮ ਕ੍ਰੈਸ਼ ਹੋ ਚੁੱਕਾ ਹੈ, ਸਾਨੂੰ ਕ੍ਰੈਸ਼ ਨਾ ਕਰੋ।” ਉੱਥੇ ਹੀ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਜਨਰਲ ਸੈਕਟਰੀ ਸੁਨੀਲ ਮਹਿਰਾ ਨੇ ਕਿਹਾ ਕਿ ਕੋਰੋਨਾ ਨੇ ਕਿਸੇ ਨੂੰ ਨਹੀਂ ਬਖ਼ਸ਼ਿਆ ਤੇ ਸਾਨੂੰ ਰਲ-ਮਿਲ ਕੇ ਇਸ ਜੰਗ ਖਿਲਾਫ਼ ਲੜਨਾ ਚਾਹੀਦਾ ਹੈ।
ਸਰਕਾਰ ਨੂੰ ਸਖ਼ਤ ਰੁਖ ਅਪਣਾਉਣਾ ਚਾਹੀਦਾ ਹੈ ਜਾਂ ਤਾਂ ਪੂਰਨ ਬੰਦ ਹੋਵੇ ਜਾਂ ਫਿਰ ਪੂਰਨ ਬਾਜ਼ਾਰ ਖੁੱਲ੍ਹਣ। 2020 ਵਿੱਚ ਲਾਕਡਾਊਨ ਦੌਰਾਨ ਲੋਕਾਂ ਨੇ ਸਰਕਾਰ ਦਾ ਸਾਥ ਦਿੱਤਾ ਹੈ। ਲੋਕਾਂ ਨੂੰ ਉਮੀਦ ਸੀ ਕਿ ਵੈਕਸੀਨ ਆਵੇਗੀ ਤਾਂ ਸਭ ਠੀਕ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਮਰੀਜ਼ਾਂ ਲਈ ਬੈੱਡ ਨਹੀਂ ਹਨ। ਪੰਜਾਬ ਸਰਕਾਰ ਕੋਲ ਵੈਕਸੀਨ ਨਹੀਂ ਹੈ।
ਕੋਰੋਨਾ ਨਾਲ ਲੜਾਈ ਵਿੱਚ ਪੰਜਾਬ ਸਰਕਾਰ ਫੇਲ੍ਹ ਹੋ ਚੁੱਕੀ ਹੈ। ਉੱਧਰ ਸਰਕਾਰ ਦੇ ਸਿਹਤ ਮੰਤਰੀਆਂ ਦਾ ਕਹਿਣਾ ਹੈ ਕਿ 10 ਦਿਨ ਲਈ ਲਾਕਡਾਊਨ ਲਾ ਦਿਓ। ਸਰਕਾਰ ਆਪਣੀਆਂ ਨਕਾਮੀਆਂ ਲੁਕਾਉਣ ਲਈ ਵਪਾਰੀਆ ਨੂੰ ਦਬਾ ਰਹੀ ਹੈ।
