ਸੰਯੁਕਤ ਕਿਸਾਨ ਮੋਰਚਾ ਨੇ ਚੋਣਾਂ ਲੜ ਰਹੀਆਂ ਕਿਸਾਨ ਜਥੇਬੰਦੀਆਂ ਤੋਂ ਬਣਾਈ ਦੂਰੀ

ਪੰਜਾਬ ਵਿੱਚ ਚੋਣ ਅਖਾੜਾ ਭਖਿਆ ਹੋਇਆ ਹੈ। ਇਹਨਾਂ ਚੋਣਾਂ ਵਿੱਚ ਹੁਣ ਪੰਜਾਬ ਦੇ ਕਿਸਾਨ ਵੀ ਨਿੱਤਰੇ ਹਨ। ਪਰ ਕਿਸਾਨ ਜੱਥੇਬੰਦੀਆਂ ਦੀ ਆਪਸ ਵਿੱਚ ਸਹਿਮਤੀ ਨਹੀਂ ਬਣ ਰਹੀ। ਕੱਲ੍ਹ ਚੋਣਾਂ ਨੂੰ ਲੈ ਕੇ ਕਿਸਾਨਾਂ ਦੀ ਮੀਟਿੰਗ ਹੋਈ ਸੀ। ਇਸ ਦੌਰਾਨ ਫ਼ੈਸਲਾ ਲਿਆ ਗਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਲੜ ਰਹੀਆਂ ਕਿਸਾਨ ਜਥੇਬੰਦੀਆਂ ਹੁਣ ਸੰਯੁਕਤ ਕਿਸਾਨ ਮੋਰਚਾ (ਐਸ. ਕੇ. ਐਮ.) ਦਾ ਹਿੱਸਾ ਨਹੀਂ ਰਹਿਣਗੀਆਂ।

ਐਸ. ਕੇ. ਐਮ. ਦੇ ਨੇਤਾਵਾਂ ਨੇ ਸਿੰਘੂ ਸਰਹੱਦ ‘ਤੇ ਕੁੰਡਲੀ ਵਿਖੇ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ. ਕੇ. ਐਮ. ਪੰਜਾਬ ‘ਚ ਚੋਣਾਂ ‘ਚ ਹਿੱਸਾ ਲੈਣ ਵਾਲੀਆਂ ਕਿਸਾਨ ਜਥੇਬੰਦੀਆਂ ਨਾਲ ਸਹਿਮਤ ਨਹੀਂ ਹੈ ਅਤੇ ਉਹ ਇਸ ਦਾ ਹਿੱਸਾ ਨਹੀਂ ਬਣਨਗੇ।
ਇਸ ਦੇ ਨਾਲ ਹੀ ਕਿਸਾਨ ਆਗੂ ਯੁੱਧਵੀਰ ਨੇ ਕਿਹਾ ਕਿ ਅਸੀਂ ਚਾਰ ਮਹੀਨਿਆਂ ਬਾਅਦ ਐਸ. ਕੇ. ਐਮ. ਦੀ ਮੀਟਿੰਗ ‘ਚ ਚੋਣਾਂ ‘ਚ ਹਿੱਸਾ ਲੈਣ ਵਾਲੀਆਂ ਕਿਸਾਨ ਯੂਨੀਅਨਾਂ ਨਾਲ ਆਪਣੇ ਸੰਬੰਧਾਂ ਬਾਰੇ ਦੁਬਾਰਾ ਫੈਸਲਾ ਕਰਾਂਗੇ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਵੀ ਕਿਹਾ ਕਿ ਐਸ. ਕੇ. ਐਮ. ਦਾ ਚੋਣਾਂ ‘ਚ ਹਿੱਸਾ ਲੈਣ ਵਾਲੀਆਂ ਯੂਨੀਅਨਾਂ ਨਾਲ ਹੁਣ ਸਾਡਾ ਕੋਈ ਲੈਣ-ਦੇਣ ਨਹੀਂ ਹੈ।
ਯੁੱਧਵੀਰ ਸਿੰਘ ਨੇ ਦੱਸਿਆ ਕਿ ਭਾਕਿਯੂ ਨੇਤਾ ਰਾਕੇਸ਼ ਟਿਕੈਤ ਕੇਂਦਰੀ ਮੰਤਰੀ ਅਜੈ ਮਿਸ਼ਰਾ ਨੂੰ ਬਰਖਾਸਤ ਕਰਨ ਲਈ ਸਰਕਾਰ ‘ਤੇ ਦਬਾਅ ਪਾਉਣ ਲਈ ਇਸੇ ਮਹੀਨੇ ਤਿੰਨ ਦਿਨਾਂ ਲਈ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦਾ ਦੌਰਾ ਕਰਨਗੇ, ਜਿਸ ਦੇ ਪੁੱਤਰ ‘ਤੇ ਪਿਛਲੇ ਸਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਗੱਡੀ ਹੇਠਾਂ ਕੁਚਲ ਕੇ ਮਾਰਨ ਦਾ ਦੋਸ਼ ਹੈ।
