ਸੰਨੀ ਦਿਓਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਨੂੰ ਲਿਖੀ ਚਿੱਠੀ, ਕੀਤੀ ਇਹ ਅਪੀਲ

ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਨੇ ਬੁੱਧਵਾਰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਕਿ ਪੰਜਾਬ ਵਿੱਚ ਰੇਲ ਆਵਾਜਾਈ ਬਹਾਲ ਕਰਾਉਣ ਵਿੱਚ ਕੇਂਦਰ ਸਰਕਾਰ ਦੀ ਮਦਦ ਕੀਤੀ ਜਾਵੇ। ਉਹਨਾਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਵੀ 13 ਨਵੰਬਰ ਨੂੰ ਕੇਂਦਰ ਨਾਲ ਪ੍ਰਸਤਾਵਿਤ ਵਾਰਤਾ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

ਪੰਜਾਬ ਵਿੱਚ ਬੰਦ ਪਈਆਂ ਰੇਲਾਂ ਕਾਰਨ ਪੰਜਾਬ ਦੀ ਅਰਥਵਿਵਸਥਾ ਨੂੰ ਡੂੰਘੀ ਸੱਟ ਵੱਜੀ ਹੈ। ਇਸ ਸਬੰਧੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਅਰਥਵਿਵਸਥਾ ਬਚਾਉਣ ਲਈ ਸਮੁੱਚੀ ਰੇਲ ਸੇਵਾ ਯਕੀਨੀ ਬਣਾਉਣੀ ਚਾਹੀਦੀ ਹੈ।
ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਪਰ ਇਸ ਨਾਲ ਪੰਜਾਬ ਦੀ ਅਰਥਵਿਵਸਥਾ ਪ੍ਰਭਾਵਿਤ ਹੋਈ ਹੈ। ਸੰਨੀ ਦਿਓਲ ਨੇ ਚਿੱਠੀ ਵਿੱਚ ਲਿਖਿਆ ਕਿ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਉੱਨ ਉਦਯੋਗ ਨੂੰ 1200 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਦਸ ਦਈਏ ਕਿ ਪੰਜਾਬ ਵਿੱਚ ਕਿਸਾਨਾਂ ਦੇ ਧਰਨੇ ਪਿਛਲੇ ਲਗਭਗ ਢਾਈ ਮਹੀਨਿਆਂ ਤੋਂ ਜਾਰੀ ਹੈ ਜਿਸ ਕਾਰਨ ਰੇਲ ਆਵਾਜਾਈ ਵੀ ਬੰਦ ਪਈ ਹੈ।
