ਸੰਘਣੀ ਧੁੰਦ ਕਾਰਨ ਸਕੂਲ ਵੈਨ ਤੇ ਕਾਰ ਵਿਚਾਲੇ ਹੋਈ ਟੱਕਰ, ਪਲਟੀ ਬੱਚਿਆਂ ਨਾਲ ਭਰੀ ਵੈਨ

ਪੰਜਾਬ ਵਿੱਚ ਧੁੰਦ ਪੈਣ ਕਾਰਨ ਕਈ ਸੜਕ ਹਾਦਸੇ ਵਾਪਰ ਰਹੇ ਹਨ। ਧੁੰਦ ਕਾਰਨ ਰਾਤ ਵੇਲੇ ਠੀਕ ਤਰ੍ਹਾਂ ਦਿਖਾਈ ਨਹੀਂ ਦਿੰਦਾ। ਅਜਿਹੇ ਵਿੱਚ ਉਹ ਰਸਤੇ ਵਿੱਚ ਖੜ੍ਹੇ ਕਿਸੇ ਵਾਹਨ ਨਾਲ ਟਕਰਾ ਜਾਂਦੇ ਹਨ ਜਾਂ ਸੜਕਾਂ ਦੇ ਕਿਨਾਰਿਆਂ ਤੇ ਚਿੱਟੀਆਂ ਪੱਟੀਆਂ ਨਾ ਹੋਣ ਕਾਰਨ ਵਾਹਨ ਸੜਕ ਤੋਂ ਉਤਰ ਕੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।
ਅੱਜ ਸਵੇਰੇ ਸਾਦਿਕ ਨੇੜੇ ਫਰੀਦਕੋਟ ਰੋਡ ਤੇ ਧੁੰਦ ਕਾਰਨ ਸਕੂਲ ਵੈਨ ਤੇ ਕਾਰ ਦੀ ਭਿਆਨਕ ਟੱਕਰ ਦੌਰਾਨ ਸਕੂਲ ਵੈਨ ਪਲਟ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਕੂਲ ਵੈਨ ਵਿੱਚ ਲਗਭਗ 25 ਬੱਚੇ ਸਵਾਰ ਹਨ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੁਝ ਬੱਚਿਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਸਭ ਬੱਚੇ ਠੀਕ ਹਨ। ਦੱਸਿਆ ਜਾ ਰਿਹਾ ਹੈ ਕਿ ਆਦਰਸ਼ ਸਕੂਲ ਮਿੱਡੂਮਾਨ ਦੀ ਸਕੂਲ ਵੈਨ ਪਿੰਡ ਮਾਨੀ ਸਿੰਘ ਵਾਲਾ ਵਾਲੇ ਪੈਸੇ ਤੋਂ ਬੱਚੇ ਲੈ ਕੇ ਸਕੂਲ ਜਾ ਰਹੀ ਸੀ।
ਜਦੋਂ ਉਹ ਸਾਦਿਕ ਫਰੀਦਕੋਟ ਮੇਨ ਸੜਕ ਤੇ ਚੜ੍ਹਨ ਲੱਗੀ ਤਾਂ ਧੁੰਦ ਕਾਰਨ ਉਸ ਦੀ ਟੱਕਰ ਸਵਿਫਟ ਕਾਰ ਨਾਲ ਹੋ ਗਈ ਤੇ ਵੈਨ ਪਲਟ ਗਈ। ਜਦਕਿ ਕਾਰ ਦਾ ਵੀ ਕਾਫ਼ੀ ਨੁਕਸਾਨ ਹੋਇਆ ਤੇ ਕਾਰ ਸਵਾਰ ਵੀ ਵਾਲ-ਵਾਲ ਬਚ ਗਏ। ਦੱਸ ਦਈਏ ਕਿ ਪਹਾੜਾਂ ਤੇ ਬਰਫ਼ਬਾਰੀ ਹੋਣ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਠੰਡ ਵਿੱਚ ਵਾਧਾ ਹੋਇਆ ਹੈ ਅਤੇ ਸੰਘਣੀ ਧੁੰਦ ਦਾ ਕਹਿਰ ਵੀ ਜਾਰੀ ਹੈ।