ਸੰਗਰੂਰ ਮੈਡੀਕਲ ਕਾਲਜ ਨੂੰ ਲੈ ਕੇ ਬਾਦਲ ਤੇ ਢੀਂਡਸਾ ਪਰਿਵਾਰ ‘ਤੇ CM ਮਾਨ ਨੇ ਜਮ ਕੇ ਲਾਏ ਨਿਸ਼ਾਨੇ, ਆਖੀਆਂ ਵੱਡੀਆਂ ਗੱਲਾਂ

ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਸਾਲ ਵਾਲੇ ਦਿਨ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨਾਲ ਸ਼ਹੀਦ-ਏ-ਆਜ਼ਮ ਊਧਮ ਸਿੰਘ ਮੈਮੋਰੀਅਲ ਵਿਖੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਕੇ ਕੀਤੀ। ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਬਾਦਲ ਅਤੇ ਢੀਂਡਸਾ ਪਰਿਵਾਰ ਤੇ ਵਰ੍ਹਦਿਆਂ ਕਿਹਾ ਕਿ ਇਹਨਾਂ ਦੋਵਾਂ ਪਰਿਵਾਰਾਂ ਨੇ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਸੰਗਰੂਰ ਮੈਡੀਕਲ ਕਾਲਜ ਦੇ ਕੰਮ ਵਿੱਚ ਅੜਿੱਕਾ ਡਾਹਿਆ ਹੈ।
ਮਾਨ ਨੇ ਕਿਹਾ ਕਿ ਅਜਿਹੀਆਂ ਘਿਨਾਉਣੀਆਂ ਚਾਲਾਂ ਨਾਲ ਇਹਨਾਂ ਦੋਵਾਂ ਪਰਿਵਾਰਾਂ ਦਾ ਲੋਕ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ ਕਿਉਂਕਿ ਇਹ ਪਰਿਵਾਰ ਨਹੀਂ ਚਾਹੁੰਦੇ ਕਿ ਆਮ ਲੋਕਾਂ ਨੂੰ ਵਧੀਆ ਇਲਾਜ ਅਤੇ ਸਿੱਖਿਆ ਮਿਲੇ। ਮੁੱਖ ਮੰਤਰੀ ਮਾਨ ਨੇ ਆਖਿਆ ਕਿ ਬਾਦਲਾਂ ਨੇ ਇਸ ਪ੍ਰਾਜੈਕਟ ਦੀ ਸਥਾਪਨਾ ਨਾ ਹੋਣ ਦੇਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੁਰਵਰਤੋਂ ਵੀ ਕੀਤੀ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਦੋਂ ਵੀ ਅਕਾਲੀ ਉਨ੍ਹਾਂ ਕੋਲ ਆਉਣ ਤਾਂ ਉਨ੍ਹਾਂ ਨੂੰ ਜ਼ਰੂਰ ਪੁੱਛਣ ਕਿ ਇਸ ਪ੍ਰਾਜੈਕਟ ਨੂੰ ਰੋਕਣ ਦਾ ਕੀ ਮਕਸਦ ਹੈ। ਮੁੱਖ ਮੰਤਰੀ ਨੇ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਕਿਸੇ ਵੀ ਕੀਮਤ ’ਤੇ ਇਸ ਮੈਡੀਕਲ ਕਾਲਜ ਨੂੰ ਸ਼ੁਰੂ ਕਰਨ ਲਈ ਦ੍ਰਿੜ੍ਹ ਹੈ।
ਮੁੱਖ ਮੰਤਰੀ ਨੇ ਇਸ ਦੌਰਾਨ ‘ਆਪ’ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਵੀ ਕੀਤਾ। ਇਸ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਰੇ ਕਿਹਾ ਕਿ ਜੇਕਰ ਉਨ੍ਹਾਂ ਨੇ ਕੋਈ ਗ਼ਲਤ ਕੰਮ ਨਹੀਂ ਕੀਤਾ ਹੈ ਤਾਂ ਉਨ੍ਹਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਪਰ ਜੇਕਰ ਵਿਜੀਲੈਂਸ ਨੂੰ ਕੋਈ ਗੜਬੜੀ ਮਿਲੀ ਤਾਂ ਉਨ੍ਹਾਂ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।