ਸੜਕ ਵਿਚਾਲੇ ਕਿਸਾਨਾਂ ਨੇ ਘੇਰਿਆ ਭਾਜਪਾ ਲੀਡਰ, ਪੁਲਿਸ ਸਾਹਮਣੇ ਹੀ ਹੋ ਗਈ ਝੜਪ

ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦਾ ਕਿਸਾਨਾਂ ਵੱਲੋਂ ਵਿਰੋਧ ਲਗਾਤਾਰ ਜਾਰੀ ਹੈ। ਇਹਨਾਂ ਕਾਨੂੰਨਾਂ ਦਾ ਨੁਕਸਾਨ ਸਭ ਤੋਂ ਵੱਧ ਭਾਜਪਾ ਪਾਰਟੀ ਨੂੰ ਹੋਇਆ ਹੈ। ਪਿੰਡਾਂ ਵਿੱਚ ਭਾਜਪਾ ਲੀਡਰਾਂ ਦੀ ਐਂਟਰੀ ਤੇ ਬੈਨ ਲਾਇਆ ਗਿਆ ਹੈ। ਤਾਜ਼ਾ ਮਾਮਲਾ ਹਰਿਆਣਾ ਦੇ ਸਿਰਸਾ ਦੇ ਡੱਬਵਾਲੀ ਦਾ ਹੈ ਜਿੱਥੇ ਕਿਸਾਨਾਂ ਅਤੇ ਭਾਜਪਾ ਲੀਡਰ ਵਿਚਕਾਰ ਡੱਬਵਾਲੀ ਦੇ ਚੌਟਾਲਾ ਰੋਡ ‘ਤੇ ਭਿਆਨਕ ਝੜਪ ਹੋ ਗਈ। ‘

ਦੱਸ ਦਈਏ ਕਿ ਇਸ ਝੜਪ ਵਿੱਚ ਭਾਜਪਾ ਲੀਡਰ ਦੇ ਕੱਪੜੇ ਵੀ ਪਾਟ ਗਏ। ਮੌਕੇ ‘ਤੇ ਮੌਜੂਦ ਭਾਰੀ ਪੁਲਿਸ ਫੋਰਸ ਨੇ ਭਾਜਪਾ ਲੀਡਰ ਨੂੰ ਕਾਫੀ ਕੋਸ਼ਿਸ਼ਾਂ ਨਾਲ ਬਾਹਰ ਕੱਢਿਆ। ਮਿਲੀ ਜਾਣਕਾਰੀ ਮੁਤਾਬਕ ਸੁਰੇਸ਼ ਨਾਂ ਦਾ ਇਹ ਲੀਡਰ ਡੱਬਵਾਲੀ ਦੇ ਚੌਟਾਲਾ ਰੋਡ ਵਿਖੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਆਦਿੱਤਿਆ ਦੇਵੀ ਲਾਲ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਜਾ ਰਿਹਾ ਸੀ। ਭਾਰੀ ਗਿਣਤੀ ਵਿੱਚ ਕਿਸਾਨ ਵੀ ਪਹੁੰਚੇ ਹੋਏ ਸਨ ਜਿਹਨਾਂ ਦੇ ਹੱਥ ਵਿੱਚ ਕਾਲੇ ਝੰਡੇ ਵੀ ਸਨ।
ਇਸੇ ਦੌਰਾਨ ਬੈਠਕ ਵਿੱਚ ਜਾਣ ਬਾਰੇ ਭਾਜਪਾ ਲੀਡਰ ਸੁਰੇਸ਼ ਅਤੇ ਕਿਸਾਨਾਂ ਵਿੱਚ ਆਪਸੀ ਬਹਿਸ ਸ਼ੁਰੂ ਹੋ ਗਈ ਅਤੇ ਇਹ ਘਟਨਾ ਵਾਪਰ ਗਈ। ਲੜਾਈ ਵਿਚ ਭਾਜਪਾ ਵਰਕਰ ਸੁਰੇਸ਼ ਬਿਸ਼ਨੋਈ, ਰਾਮਕਿਸ਼ਨ ਮਹਿਤਾ, ਭਾਰੂ ਰਾਮ ਗੱਤ ਅਤੇ ਸ਼ਿਵ ਚਰਨ ਜੋ ਕਿ ਪਿੰਡ ਡੱਬਵਾਲੀ ਦਾ ਵਸਨੀਕ ਹੈ, ਜ਼ਖਮੀ ਹੋਏ। ਪੁਲਿਸ ਨੇ ਦੋਵਾਂ ਪਾਸਿਆਂ ਤੋਂ ਦਖ਼ਲ ਦਿੱਤਾ। ਉਧਰ ਹਰਿਆਣਾ ਕਿਸਾਨ ਏਕਤਾ ਡੱਬਵਾਲੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਦੇਸੂਜੋਧਾ ਨੇ ਕਿਹਾ ਕਿ ਅਸੀਂ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਸੀ। ਇਸ ਦੌਰਾਨ ਭਾਜਪਾ ਵਰਕਰ ਨਸ਼ੇ ਦੀ ਹਾਲਤ ਵਿੱਚ ਆਏ।
