ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਕੁੜੀ ਨੇ ਕੀਤਾ ਸੀ ਨ੍ਰਿਤ, ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਾ ਮਾਮਲਾ

 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਕੁੜੀ ਨੇ ਕੀਤਾ ਸੀ ਨ੍ਰਿਤ, ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਾ ਮਾਮਲਾ

ਉਤਰਾਖੰਡ ਦੇ ਸ਼ਹੀਦ ਊਧਮ ਸਿੰਘ ਨਗਰ ਦੇ ਬਲਰਾਮਪੁਰ ਵਿੱਚ ਜਨਮ ਅਸ਼ਟਮੀ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇੱਕ ਕੁੜੀ ਨੇ ਨ੍ਰਿਤ ਕੀਤਾ ਸੀ। ਇਸ ਦੇ ਨਾਲ ਹੀ ਇੱਕ ਬੱਚੇ ਨੂੰ ਬਾਲ ਸ੍ਰੀ ਕ੍ਰਿਸ਼ਨ ਦਾ ਰੂਪ ਵੀ ਦਿੱਤਾ ਗਿਆ ਸੀ। ਇਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੁੜੀ ਵੱਲੋਂ ਨ੍ਰਿਤ ਕਰਨ ਅਤੇ ਗੀਤ ਲਾਉਣ ਨੂੰ ਲੈ ਕੇ ਪੰਥ ਦਰਦੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ।

ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਚਰਚਿਤ ਇੱਕ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੁਝ ਲੋਕ ਬੈਠੇ ਹਨ ਅਤੇ ਗੀਤ ਚੱਲ ਰਿਹਾ ਹੈ। ਇਸ ਗੀਤ ਦੀ ਤਾਲ ਤੇ ਇੱਕ ਨੌਜਵਾਨ ਕੁੜੀ ਨੱਚ ਰਹੀ ਹੈ। ਇੱਕ ਮਾਸੂਮ ਬੱਚਾ ਬਾਲ ਸ੍ਰੀ ਕ੍ਰਿਸ਼ਨ ਦਾ ਰੂਪ ਧਾਰੀ ਖੜਾ ਹੈ। ਇਹ ਮਾਮਲਾ ਸਾਹਮਣੇ ਆਉਂਦੇ ਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਹੁਕਮ ਜਾਰੀ ਕਰਦੇ ਹੋਏ ਇਸ ਸਾਰੇ ਮਾਮਲੇ ਦੀ ਤੁਰੰਤ ਪੜਤਾਲ ਕਰਨ ਲਈ ਕਿਹਾ ਹੈ।

ਉਹਨਾਂ ਕਿਹਾ ਕਿ ਇਸ ਮਾਮਲੇ ਦੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਉਤਰਾਖੰਡ ਤੋਂ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ ਗੁਰਦੁਆਰਾ ਕਮੇਟੀ ਤੇ ਕਾਰ ਸੇਵਾ ਵਾਲੇ ਇੱਕ ਬਾਬੇ ਨੇ ਸੂਬੇ ਦੇ ਮੁੱਖ ਮੰਤਰੀ ਦੀ ਆਮਦ ਤੇ ਕੁੜੀਆਂ ਕੋਲੋਂ ਨ੍ਰਿਤ ਕਰਵਾਇਆ ਸੀ। ਜਨਮ ਅਸ਼ਟਮੀ ਮੌਕੇ ਇੱਕ ਰਾਗੀ ਜੱਥੇ ਨੇ ਪਿਪਲੀ ਵਾਲੇ ਬਾਬਾ ਸਤਨਾਮ ਸਿੰਘ ਦੇ ਡੇਰੇ ਵਿੱਚ ਸ਼ਬਦ ਦੇ ਰੂਪ ਵਿੱਚ ਸ੍ਰੀ ਕ੍ਰਿਸ਼ਨ ਦੀਆਂ ਭੇਟਾਂ ਵੀ ਗਾਇਨ ਕੀਤੀਆਂ ਸਨ।

 

Leave a Reply

Your email address will not be published.