ਸੌਣ ਤੋਂ ਪਹਿਲਾਂ 5 ਮਿੰਟ ਕਰੋ ਪੈਰਾਂ ਦੀ ਮਾਲਿਸ਼, ਹੋਣਗੇ ਅਨੇਕ ਫ਼ਾਇਦੇ

ਸਰੀਰ ਦੀ ਮਸਾਜ ਕਰਨ ਨਾਲ ਕਿਹੜੇ ਫ਼ਾਇਦੇ ਹੁੰਦੇ ਹਨ, ਇਸ ਤੋਂ ਬਹੁਤ ਸਾਰੇ ਲੋਕ ਅਣਜਾਣ ਹਨ। ਲੋਕ ਸੋਚਦੇ ਹਨ ਕਿ ਸਿਰ ਦੀ ਤੇਲ ਨਾਲ ਮਾਲਿਸ਼ ਕਰਨ ਤੇ ਸਰੀਰ ਦਾ ਸੰਤੁਲਨ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਸਰੀਰ ਦੇ ਹੋਰ ਅੰਗਾਂ ਦੀ ਮਾਲਿਸ਼ ਕਰਨ ਨਾਲ ਵੀ ਸਰੀਰ ਨੂੰ ਰਾਹਤ ਮਿਲਦੀ ਹੈ ਅਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਅੱਜ ਕੱਲ੍ਹ ਦੀ ਜੀਵਨ ਸ਼ੈਲੀ ਕਾਰਨ ਲੋਕ ਮਾਲਿਸ਼ ਕਰਨਾ ਭੁੱਲ ਗਏ ਹਨ। ਪੁਰਾਣੇ ਸਮੇਂ ਵਿੱਚ ਲੋਕਾਂ ਦੇ ਸਰੀਰ ਮਾਲਿਸ਼ ਕਰਨ ਕਰ ਕੇ ਮਜ਼ਬੂਤ ਹੁੰਦੇ ਸਨ।

ਜਾਣੋ ਇਸ ਦੇ ਫ਼ਾਇਦੇ
ਸਰੀਰ ਵਿੱਚ ਵਹਿਣ ਵਾਲਾ ਖੂਨ ਸਾਡੀਆਂ ਕੋਸ਼ਿਕਾਵਾਂ ਨੂੰ ਆਕਸੀਜਨ ਅਤੇ ਪੋਸ਼ਣ ਪਹੁੰਚਾਉਣ ਦਾ ਕੰਮ ਕਰਦਾ ਹੈ। ਇੰਨਾ ਹੀ ਨਹੀਂ ਖੂਨ ਸਾਡੇ ਸਰੀਰ ਦੇ ਵਿਚਲੇ ਤੱਤਾਂ ਨੂੰ ਸ਼ੁੱਧ ਕਰਨ ਵਿੱਚ ਮਦਦ ਕਰਦਾ ਹੈ। ਗਲਤ ਖਾਣ ਪੀਣ ਅਤੇ ਗਲਤ ਰਹਿਣ ਸਹਿਣ ਨਾਲ ਅੱਜ ਕੱਲ੍ਹ ਬਲੱਡ ਸਰਕੁਲੇਸ਼ਨ ਖਰਾਬ ਹੋ ਰਿਹਾ ਹੈ। ਇਸ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਰਾਤ ਨੂੰ ਪੰਜ ਮਿੰਟ ਆਪਣੇ ਪੈਰਾਂ ਦੀ ਮਾਲਿਸ਼ ਜ਼ਰੂਰ ਕਰੋ, ਜੋ ਫ਼ਾਇਦੇਮੰਦ ਹੋਵੇਗੀ।
ਹੱਥਾਂ-ਪੈਰਾਂ ਵਿੱਚ ਦਰਦ ਹੋਣ ’ਤੇ ਲੋਕ ਤੇਲ ਦੀ ਮਾਲਿਸ਼ ਕਰਦੇ ਹਨ, ਜੋ ਫ਼ਾਇਦੇਮੰਦ ਹੁੰਦੀ ਹੈ। ਜੇਕਰ ਤੁਹਾਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਹੈ ਤਾਂ ਤੁਸੀਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ’ਤੇ ਤੇਲ ਦੀ ਮਾਲਿਸ਼ ਕਰੋ। ਰੋਜ਼ਾਨਾ ਇਸ ਤਰ੍ਹਾਂ ਕਰਨ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ।
ਪੈਰਾਂ ਦੀ ਸਮੱਸਿਆ ਹੋਣ ਤੇ ਨਾਰੀਅਲ ਦੇ ਤੇਲ ਨਾਲ ਪੈਰਾਂ ਦੀ ਮਸਾਜ ਕਰਨ ਨਾਲ ਪੈਰਾਂ ਦੀਆਂ ਨਸਾਂ ਨੂੰ ਆਰਾਮ ਮਿਲਦਾ ਹੈ। ਪੈਰਾਂ ਨਾਲ ਜੁੜੀ ਹਰ ਪ੍ਰੇਸ਼ਾਨੀ ਦੂਰ ਹੋ ਜਾਂਦੀ ਹੈ। ਲਗਾਤਾਰ ਪੈਰਾਂ ਵਿੱਚ ਹੋਣ ਵਾਲੇ ਦਰਦ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਗਰਮ ਨਾਰੀਅਲ ਤੇਲ ਨਾਲ ਪੈਰਾਂ ਦੀ ਮਸਾਜ ਕਰੋ।
ਗਰਭ ਅਵਸਥਾ ਦੇ ਆਖਰੀ ਮਹੀਨਿਆਂ ਵਿੱਚ ਗਰਭਵਤੀ ਜਨਾਨੀਆਂ ਨੂੰ ਪੈਰਾਂ ਵਿੱਚ ਮਾਲਸ਼ ਜ਼ਰੂਰ ਕਰਨੀ ਚਾਹੀਦੀ। ਪੈਰਾਂ ਵਿੱਚ ਜਮ੍ਹਾ ਤਰਲ ਪਦਾਰਥ ਕਿਡਨੀ ਵਿੱਚ ਵਾਪਸ ਚਲਾ ਜਾਂਦਾ ਹੈ ਉੱਥੇ ਉਸ ਨੂੰ ਬਾਹਰ ਨਿਕਲਣ ਦਾ ਰਾਹ ਮਿਲਦਾ ਹੈ।
ਪੈਰਾਂ ਦੀਆਂ ਨਸਾਂ ਸਿੱਧੀਆਂ ਦਿਮਾਗ ਨਾਲ ਜੁੜੀਆਂ ਹੁੰਦੀਆਂ ਹਨ। ਜੇ ਤੁਹਾਨੂੰ ਲਗਾਤਾਰ ਸਿਰ ਦਰਦ ਰਹਿੰਦਾ ਹੈ ਤਾਂ ਪੈਰਾਂ ਦੀ ਮਸਾਜ ਨਾਲ ਸਿਰਦਰਦ ਦੂਰ ਹੁੰਦਾ ਹੈ। ਰਾਤ ਨੂੰ ਪੈਰਾਂ ਦੀ ਮਸਾਜ ਕਰਨ ਨਾਲ ਦਿਮਾਗ ਸ਼ਾਂਤ ਰਹਿੰਦਾ ਹੈ। ਪੈਰਾਂ ਦੀਆਂ ਨਸਾਂ ਦਿਮਾਗ ਨਾਲ ਜੁੜੀਆਂ ਹੋਣ ਕਰਕੇ ਸਿਰ ਦਰਦ ਹੋਣ ਤੇ ਪੈਰਾਂ ਨੂੰ ਗਰਮ ਪਾਣੀ ਵਿੱਚ 10 ਮਿੰਟ ਰੱਖਣ ਨਾਲ ਸਿਰ ਦਰਦ ਠੀਕ ਹੋ ਜਾਂਦਾ ਹੈ।
ਜੇ ਪੈਰਾਂ ਵਿੱਚ ਐਸਿਡ ਦੀ ਮੁਸ਼ਕਿਲ ਹੈ ਤਾਂ ਇਸ ਨਾਲ ਪੈਰਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਪੈਰਾਂ ਦੀ ਰੋਜ਼ਾਨਾ ਮਸਾਜ ਕਰਨ ਨਾਲ ਇਹ ਵਾਧੂ ਲੈਕਟਿਕ ਐਸਿਡ ਸਰੀਰ ਤੋਂ ਬਾਹਰ ਨਿਕਲ ਜਾਂਦਾ ਹੈ।
